ਫਾਇਲ– ਬੀਤੇ ਦਿਨੀਂ ਜੇਲ੍ਹ ਦੌਰਾ ਕਰ ਸੁਰਖੀਆਂ ‘ਚ ਆਏ ਗਾਇਕ ਕਰਨ ਔਜਲਾ ਦੇ ਮਾਮਲੇ ‘ਚ ਜੇਲ੍ਹ ਮਹਿਕਮੇ ਵੱਲੋਂ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਜੇਲ੍ਹ ‘ਚ ਹਵਾਲਾਤੀ ਗੁਰਦੀਪ ਸਿੰਘ ਉਰਫ਼ ਰਾਣੋ ਨੂੰ ਸ਼ਿਫਟ ਕਰ ਕੇ ਪਟਿਆਲਾ ਜੇਲ੍ਹ ‘ਚ ਭੇਜ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ‘ਤੇ ਜੇਲ੍ਹ ਵਿਭਾਗ ਨੇ ਅਜਿਹਾ ਕਦਮ ਕਿਉਂ ਚੁੱਕਿਆ, ਇਸ ‘ਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਜਾ ਰਹੀ ਹੈ ਪਰ ਗਾਇਕ ਕਰਨ ਔਜਲਾ ਮਾਮਲੇ ਨੂੰ ਲੈ ਕੇ ਹੀ ਤਬਦੀਲੀ ਕੀਤੀ ਗਈ ਦੱਸੀ ਜਾਂਦੀ ਹੈ ਕਿਉਂਕਿ ਕਰਨ ਔਜਲਾ ਦੇ ਦੌਰੇ ਤੋਂ ਬਾਅਦ ਇਹ ਮਾਮਲਾ ਗੁਰਦੀਪ ਸਿੰਘ ਉਰਫ਼ ਰਾਣੋ ਨਾਲ ਮੁਲਾਕਾਤ ਨਾਲ ਜੁੜ ਰਿਹਾ ਸੀ ਅਤੇ ਕਾਫੀ ਚਰਚਾ ‘ਚ ਆਇਆ ਸੀ।
ਬੇਸ਼ੱਕ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਇਸ ਨੂੰ ਉਨ੍ਹਾਂ ਨਾਲ ਹੋਈ ਗਾਇਕ ਦੀ ਮਿਲਣੀ ਦੱਸ ਰਹੇ ਸੀ ਪਰ ਬਾਅਦ ‘ਚ ਇਹ ਮਾਮਲਾ ਕਾਫੀ ਚਰਚਾ ‘ਚ ਰਿਹਾ ਕਿ ਗਾਇਕ ਦੇ ਕਈ ਗਾਣਿਆਂ ਦੀ ਸ਼ੂਟਿੰਗ ਰਾਣੋ ਦੀ ਆਲੀਸ਼ਾਨ ਕੋਠੀ ‘ਚ ਦੱਸੀ ਗਈ, ਜਿਸ ਨੂੰ ਲੈ ਕੇ ਇਹ ਚਰਚਾਵਾਂ ਵੀ ਚੱਲੀਆਂ ਕਿ ਅੰਦਰਖਾਤੇ ਕਿਤੇ ਗਾਇਕ ਰਾਣੋ ਨੂੰ ਮਿਲਣ ਤਾਂ ਨਹੀਂ ਆਇਆ ਸੀ। ਇਸ ਦੌਰਾਨ ਇਹ ਵੀ ਖ਼ਬਰ ਮਿਲ ਰਹੀ ਹੈ ਕਿ ਰਾਣੋ ਦੀ ਜੇਲ੍ਹ ਤਬਦੀਲੀ ਤੋਂ ਬਾਅਦ ਇਕ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ ਸਾਰੇ ਅਧਿਕਾਰੀ ਇੱਕਮਤ ਹੋ ਰਹੇ ਹਨ।
ਹੁਣ ਬਾਕੀ ਕੈਦੀਆਂ ਨੂੰ ਛੱਡ ਕੇ ਸਿਰਫ ਰਾਣੋ ਨੂੰ ਹੀ ਕਿਉਂ ਬਦਲਿਆ ਜਾ ਰਿਹਾ ਹੈ। ਇਸ ‘ਤੇ ਵੀ ਆਉਣ ਵਾਲੇ ਦਿਨਾਂ ‘ਚ ਵੱਡਾ ਵਿਵਾਦ ਖੜ੍ਹਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਵਾਰ-ਵਾਰ ਜਾਂਚ ਦਾ ਨਾਮ ਲੈ ਕੇ ਇਸ ਮਾਮਲੇ ਨੂੰ ਕਥਿਤ ਦਬਾਉਣ ਦਾ ਯਤਨ ਕਰ ਰਿਹਾ ਸੀ ਪਰ ਹੁਣ ਰਾਣੋ ਦੀ ਜੇਲ੍ਹ ਟਰਾਂਸਫਰ ਨੇ ਇਸ ਦੇ ਤਾਰ ਗਾਇਕ ਦੇ ਮਾਮਲੇ ਨਾਲ ਜੋੜ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਇੰਡਸਟਰੀ ਦੇ ਗਾਇਕ ਅਕਸਰ ਹੀ ਆਪਣੀਆਂ ਸ਼ੂਟਿੰਗਾਂ ਲਈ ਅਜਿਹੇ ਲੋਕਾਂ ਨਾਲ ਸੰਪਰਕ ਰੱਖਣ ਲਈ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਅਜਿਹੇ ‘ਚ ਕਿਸੇ ਨਾ ਕਿਸੇ ਕੌਂਟਰੋਵਰਸੀ ਨਾਲ ਜੁੜਨਾ ਤਾਂ ਆਮ ਹੀ ਹੋ ਗਿਆ ਹੈ। ਜਿੰਨਾ ‘ਚ ਹੁਣ ਕਰਨ ਔਜਲਾ ਦਾ ਨਾਮ ਵੀ ਸ਼ੁਮਾਰ ਹੋ ਗਿਆ ਹੈ।