
ਰਿਫਾਇਨਰੀ ਦੁਆਰਾ ਸਕੂਲ ਨੂੰ ਸੈਨੇਟਾਈਜ ਕਰਨਾ ਸ਼ਲਾਘਾਯੋਗ ਕਦਮ : ਮੁੱਖ ਅਧਿਆਪਕਾ ਗੁਰਵਿੰਦਰ ਕੌਰ
ਰਾਮਾਂ ਮੰਡੀ, 8 ਜੂਨ (ਪਰਮਜੀਤ ਲਹਿਰੀ) : ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੁਆਰਾ ਜਿੱਥੇ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੁਆਰਾ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਸਿੱਖਿਆ ਦਿੰਦੇ ਅਧਿਆਪਕਾਂ ਦੀ ਸਿਹਤ ਤੰਦਰੁਸਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰੀ ਸਕੂਲਾਂ ਨੂੰ ਸੈਨੇਟਾਈਜ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੁਆਰਾ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਮਲਕਾਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਸੈਨੇਟਾਈਜ ਕੀਤਾ ਗਿਆ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਕੂਲ ਸਟਾਫ ਅਤੇ ਬੱਚਿਆਂ ਦਾ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਅ ਹੋ ਸਕੇ। ਸਕੂਲ ਦੀ ਮੁੱਖ ਅਧਿਆਪਕਾ ਗੁਰਵਿੰਦਰ ਕੌਰ ਨੇ ਦੱਸਿਆ ਕਿ ਰਿਫਾਇਨਰੀ ਵਲੋਂ ਅਕਸਰ ਹੀ ਇਸ ਤਰ੍ਹਾਂ ਦੇ ਭਲਾਈ ਕੰਮ ਕਰਕੇ ਸਕੂਲਾਂ ਦੀ ਸਮੇਂ ਸਮੇਂ ਤੇ ਮੱਦਦ ਕੀਤੀ ਜਾਂਦੀ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਹੈ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਗੁਰਵਿੰਦਰ ਸਿੰਘ ਨੇ ਰਿਫਾਇਨਰੀ ਦੁਆਰਾ ਆਰੰਭ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਰਿਫਾਇਨਰੀ ਪ੍ਰਬੰਧਕਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ। ਸਕੂਲ ਨੂੰ ਸੈਨੇਟਾਈਜ ਕਰਨ ਤੇ ਸਕੂਲ ਮੁੱਖ ਅਧਿਆਪਕਾ ਮੈਡਮ ਗੁਰਵਿੰਦਰ ਕੌਰ ਸਮੇਤ ਅਧਿਆਪਕ ਅਮਿੱਤ ਕੁਮਾਰ, ਅਧਿਆਪਕ ਜਸਵਿੰਦਰ ਸਿੰਘ, ਅਧਿਆਪਕ ਕਰਮਜੀਤ, ਅਧਿਆਪਕ ਵਿਕਰਾਂਤ ਕੁਮਾਰ ਆਦਿ ਨੇ ਰਿਫਾਇਨਰੀ ਪ੍ਰਬੰਧਕਾਂ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ।
