
ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ, ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਰਾਮਾਂ ਮੰਡੀ, 14 ਜੂਨ (ਪਰਮਜੀਤ ਲਹਿਰੀ)-ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਗਈ ਨਵ ਵਿਆਹੁਤਾ ਲੜਕੀ ਹੈਪੀ ਕੌਰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਰਾਮਾਂ ਮੰਡੀ ਪੁਲਿਸ ਥਾਣੇ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਧਰਨੇ ਦੇ ਰਹੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾ ਵੀਰ ਸਿੰਘ ਜਗਮਾਲਵਾਲੀ, ਸਰਪੰਚ ਗੁਰਦੇਵ ਸਿੰਘ, ਹਰਦੀਪ ਸਿੰਘ ਸਹੁਵਾਲਾ, ਜਸਪਾਲ ਸਿੰਘ ਗਾਟਵਾਲੀ, ਵੀਰਪਾਲ ਕੌਰ, ਗੁਰਨਾਮ ਸਿੰਘ, ਦਰਸ਼ਨ ਸਿੰਘ ਤਾਰੂਆਣ, ਮੇਜਰ ਸਿੰਘ, ਬਹਾਦਰ ਸਿੰਘ ਜਗਮਾਲਵਾਲੀ ਆਦਿ ਨੇ ਰਾਮਾਂ ਪੁਲਿਸ ਤੇ ਦੋਸ਼ ਲਗਾਉਦਿਆਂ ਕਿਹਾ ਕਿ ਪੁਲਿਸ ਨੇ ਰਾਜਨੀਤਿਕ ਦਬਾਅ ਹੇਠ ਆਕੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਇਸ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਵੀਰ ਸਿੰਘ ਸਿੰਘ ਦੱਸਿਆ ਕਿ ਰਾਮਾਂ ਪੁਲਿਸ ਵੱਲੋਂ ਉਨ੍ਹਾਂ ਦੀ ਮ੍ਰਿਤਕ ਲੜਕੀ ਹੈਪੀ ਕੌਰ ਦੇ ਪਤੀ ਅਤੇ ਉਸਦੀ ਨਣਦ ਖਿਲਾਫ਼ ਪੁਲਿਸ ਨੇ ਮੁਕੱਦਮਾਂ ਦਰਜ਼ ਨਹੀਂ ਕੀਤਾ। ਇਸ ਮੌਕੇ ਧਰਨਾਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾਵੇ।
ਕੀ ਕਹਿੰਦੇ ਹਨ, ਐਸ.ਐਚ.ਓ : ਜਦ ਇਸ ਮਾਮਲੇ ਸਬੰਧੀ ਰਾਮਾਂ ਥਾਣਾ ਦੇ ਐਸ.ਐਚ.ਓ ਪਰਵਿੰਦਰ ਸਿੰਘ ਸੇਖੋੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਲੜਕੀ ਦੇ ਸਹੁਰਾ, ਸੱਸ, ਤਾਇਆ ਸਹੁਰਾ, ਦਿਓਰ ਖਿਲਾਫ਼ ਐਫ.ਆਈ.ਆਰ ਦਰਜ਼ ਕਰ ਲੲਂੀ ਸੀ। ਐਸ.ਐਚ.ਓ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
