ਆਮ ਆਦਮੀ ਪਾਰਟੀ ਦਾ ਆਗੂ ਦੱਸਣ ਵਾਲੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਉੱਪਰ ਪੁਲਿਸ ਥਾਣਾ ਫੂਲ ਦੇ ਇੰਚਾਰਜ਼ ਮਨਪ੍ਰਰੀਤ ਸਿੰਘ ‘ਤੇ ਥਾਣੇ ਵਿਚ ਜਾ ਕੇ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਰਾਮਪੁਰਾ ਫੂਲ (ਰਮਨਪ੍ਰੀਤ ਔਲਖ) : ਆਮ ਆਦਮੀ ਪਾਰਟੀ ਦਾ ਆਗੂ ਦੱਸਣ ਵਾਲੇ ਨਗਰ ਕੌਂਸਲ ਰਾਮਪੁਰਾ ਫੂਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਉੱਪਰ ਪੁਲਿਸ ਥਾਣਾ ਫੂਲ ਦੇ ਇੰਚਾਰਜ਼ ਮਨਪ੍ਰਰੀਤ ਸਿੰਘ ‘ਤੇ ਥਾਣੇ ਵਿਚ ਜਾ ਕੇ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ‘ਆਪ’ ਆਗੂ ਦੱਸਣ ਵਾਲੇ ਸਰਿੰਦਰ ਕੁਮਾਰ ਨਿੰਨੀ ਬਾਂਸਲ ਨੇ ਇੰਨਾਂ੍ਹ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਨੇ ਉਸਦੀ ਕੁੱਟਮਾਰ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਫੂਲ ਦੇ ਮੁੱਖ ਅਫ਼ਸਰ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਨਗਰ ਕੌਂਸਲ ਰਾਮਪੁਰਾ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਦਾ ਆਪਣੇ ਹੀ ਸ਼ੈਲਰ ਦੇ ਚੌਂਕੀਦਾਰ ਚਮਕੌਰ ਸਿੰਘ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ, ਜਿਸ ਸਬੰਧੀ ਚੌਂਕੀਦਾਰ ਨੇ ਪਿਛਲੇ ਦਿਨੀ ਪੁਲਿਸ ਥਾਣਾ ਫੂਲ ਵਿਖੇ ਨਿੰਨੀ ਬਾਂਸਲ ਖ਼ਿਲਾਫ਼ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਜਾਂਚ ਏਐੱਸਆਈ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਇਸ ਸਬੰਧ ਵਿਚ ਪੁਲਿਸ ਥਾਣਾ ਫੂਲ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਨੂੰ ਥਾਣੇ ਵਿਚ ਆਉਣ ਲਈ ਕਿਹਾ ਗਿਆ, ਜਦ ਉਕਤ ਪ੍ਰਧਾਨ ਥਾਣੇ ਵਿਚ ਆਇਆ ਤਾਂ ਪੁਲਿਸ ਦੇ ਅਧਿਕਾਰੀਆਂ ‘ਤੇ ਆਪਣਾ ਰੋਅਬ ਝਾੜਨ ਲੱਗ ਪਿਆ। ਐੱਸਆਈ ਜਸਵਿੰਦਰ ਸਿੰਘ ਨੇ ਕਿਹਾ ਕਿ ਤੁਸੀ ਚੌਂਕੀਦਾਰ ਦੀ ਕੁੱਟ ਮਾਰ ਕੀਤੀ ਹੈ, ਤੁਹਾਡੇ ‘ਤੇ ਬਣਦੀ ਕਾਰਵਾਈ ਹੋ ਸਕਦੀ ਹੈ ਤਾਂ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਨੇ ਏਐੱਸਆਈ ਨਾਲ ਗਾਲੀ ਗਲੋਚ ਕੀਤੀ ਤੇ ਹੱਥੋਪਾਈ ਕਰਦੇ ਹੋਏ ਪੁਲਿਸ ਦੀ ਵਰਦੀ ਪਾੜ ਦਿੱਤੀ। ਐਸਐਚਓ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਹਮਲੇ ਕਾਰਨ ਚਿਹਰੇ ‘ਤੇ ਜ਼ਖ਼ਮ ਹੋ ਗਿਆ ਹੈ। ਉਨਾਂ੍ਹ ਦੱਸਿਆ ਕਿ ਥਾਣੇ ਦੇ ਮੁਲਾਜ਼ਮਾਂ ਨੇ ਸਾਬਕਾ ਪ੍ਰਧਾਨ ਨੂੰ ਫੜ ਕੇ ਪਾਸੇ ਕੀਤਾ। ਜਦ ਇਸ ਸਬੰਧੀ ਸਾਬਕਾ ਪ੍ਰਧਾਨ ਨਿੰਨੀ ਬਾਂਸਲ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਸਾਬਕਾ ਮੰਤਰੀ ਗੁਰਪ੍ਰਰੀਤ ਕਾਂਗੜ ਮੇਰੇ ਨਜ਼ਦੀਕੀ ਦੋਸਤ ਹਨ, ਪਰ ਇਸ ਵਾਰ ਮੈਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਮਦਦ ਕੀਤੀ ਹੈ। ਉਸਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਮੇਰੇ ਨਾਲ ਥਾਣਾ ਫੂਲ ਵਿਖੇ ਧੱਕੇਸ਼ਾਹੀ ਕੀਤੀ ਗਈ ਤੇ ਮੇਰੀ ਕੁੱਟ ਮਾਰ ਕੀਤੀ ਹੈ,ਪਰ ਹੁਣ ਪੁਲਿਸ ਮਾਮਲੇ ਨੂੰ ਉਲਟ ਦਿਸ਼ਾ ਦੇਣ ‘ਤੇ ਲੱਗੀ ਹੋਈ ਹੈ। ਉਨਾਂ੍ਹ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਜਦ ਇਸ ਸਬੰਧੀ ਆਪ ਦੇ ਹਲਕਾ ਵਿਧਾਇਕ ਬਲਕਾਰ ਸਿੱਧੂ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਸਾਬਕਾ ਪ੍ਰਧਾਨ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀ ਨਾ ਹੀ ਮੇਰੀ ਵੋਟਾਂ ਵਿਚ ਉਸਨੇ ਮਦਦ ਕੀਤੀ ਹੈ । ਉਨਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ।

