
ਪਟਿਆਲਾ, 27 ਅਪ੍ਰੈਲ 2022: ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਦੀ ਪਛਾਣ ਜਸਦੀਪ ਸਿੰਘ ਜੌਲੀ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਜਸਦੀਪ ਸਿੰਘ ਜੌਲੀ ਟਰੱਕ ਯੂਨੀਅਨ ਸਮਾਣਾ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ।
ਅਣਪਛਾਤੇ ਹਮਲਾਵਾਰਾਂ ਦੇ ਵੱਲੋਂ ਅੰਨ੍ਹੇਵਾਹ ਗੋਲੀਆਂ ਤਾਂ ਚਲਾਈਆਂ ਹੀ ਗਈਆਂ, ਨਾਲ ਹੀ ਜ਼ਖਮੀ ਹਾਲਤ ਵਿੱਚ ਜਦੋਂ ਜਸਦੀਪ ਅਤੇ ਮਨਦੀਪ ਆਪਣੇ ਗੱਡੀ ਵਿੱਚ ਰਾਜਪੁਰੇ ਵੱਲ ਜਾਣ ਲੱਗੇ ਤਾਂ, ਹਮਲਾਵਾਰਾਂ ਨੇ ਉਨ੍ਹਾਂ ਦਾ ਫਿਰ ਪਿੱਛਾ ਕੀਤਾ। ਆਪਣੀ ਜਾਨ ਬਚਾਉਣ ਲਈ ਜ਼ਖਮੀਆਂ ਨੇ ਆਪਣੀ ਗੱਡੀ ਥਾਣਾ ਸਦਰ ਵਿੱਚ ਵਾੜ ਦਿੱਤੀ।
ਸੂਤਰ ਦੱਸਦੇ ਹਨ ਕਿ ਪੁਲਿਸ ਨੇ ਦੋਵਾਂ ਜ਼ਖਮੀਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਡਾਕਟਰਾਂ ਮੁਤਾਬਿਕ, ਮਨਦੀਪ ਸਿੰਘ ਦੇ ਮੋਢੇ ਤੇ ਗੋਲੀ ਲੱਗੀ ਹੈ, ਜਦੋਂਕਿ ਜਸਦੀਪ ਸਿੰਘ ਦੇ ਗੋਲੀਆਂ ਦੇ ਛਰੇ ਲੱਗੇ ਹਨ। ਦੂਜੇ ਪਾਸੇ ਪੁਲਿਸ ਇਸ ਘਟਨਾ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ।
ਦੱਸਣਾ ਬਣਦਾ ਹੈ ਕਿ, ਇਸੇ ਮਹੀਨੇ ਹੀ ਪੰਜਾਬੀ ਯੂਨੀਵਰਸਿਟੀ ਅਤੇ ਅਰਬਨ ਅਸਟੇਟ ਵਿੱਚ ਗੋਲੀਬਾਰੀ ਦੀਆਂ ਵਾਪਰੀਆਂ ਘਟਨਾਵਾਂ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।