
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਨਵਾਂਸ਼ਹਿਰ ਦੇ ਐੱਸਐੱਸਪੀ ਸੰਦੀਪ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਬਲਾਚੌਰ ਦੇ ਡੀ ਐੱਸ ਪੀ ਤਰਲੋਚਨ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਚੱਲਦਿਆਂ ਪੁਲੀਸ ਨੇ ਇਕ ਚੂਰਾ ਪੋਸਤ ਦੇ ਤਸਕਰ ਨੂੰ ਚੂਰਾ ਪੋਸਤ ਅਤੇ 1 ਲੱਖ 23 ਹਜ਼ਾਰ ਤੋਂ ਵੱਧ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ । ਪੁਲੀਸ ਵੱਲੋਂ ਦਿੱਤੇ ਲਿਖਤੀ ਪ੍ਰੈਸ ਨੋਟ ਅਨੁਸਾਰ ਐਸ ਆਈ ਅਸੀਮ ਹੰਸ ਤੇ ਸਾਥੀ ਕਰਮਚਾਰੀਆਂ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜਕੁਮਾਰ ਉਰਫ ਰਾਜੂ ਪੁੱਤਰ ਨਾਦਰ ਰਾਮ ਪਿੰਡ ਠਠਿਆਲਾ ਬੇਟ (ਬਾਜੀਗਰ ਬਸਤੀ) ਆਪਣੀ ਰਿਹਾਇਸ਼ੀ ਕਲੋਨੀ ਵਿਚ ਚੂਰਾ ਪੋਸਤ ਡੋਡੇ ਵੇਚਣ ਦਾ ਧੰਦਾ ਕਰਦਾ ਹੈ ਜੋ ਬੀਤੇ ਕੁਝ ਦਿਨਾਂ ਤੋਂ ਸ਼ਰ੍ਹੇਆਮ ਆਪਣੇ ਗਾਹਕਾਂ ਨੂੰ ਡੋਡੇ ਚੂਰਾ ਪੋਸਤ ਦੀ ਸਪਲਾਈ ਕਰ ਰਿਹਾ ਹੈ ਤੇ ਉਸ ਕੋਲੋਂ ਬਾਹਰਲੇ ਪਿੰਡਾਂ ਦੇ ਵਿਅਕਤੀ ਚੂਰਾ ਪੋਸਤ ਲੈ ਕੇ ਗਏ ਹਨ ਜਦਕਿ ਉਸ ਕੋਲ ਅਜੇ ਵੀ ਚੂਰਾਪੋਸਤ ਬਾਕੀ ਹੈ ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਆਰੋਪੀ ਤਸਕਰ ਕਾਬੂ ਆ ਸਕਦਾ ਹੈ ।ਪੁਲੀਸ ਮੁਲਾਜ਼ਮਾਂ ਨੇ ਇਤਲਾਹ ਮੁਤਾਬਿਕ ਤੁਰੰਤ ਰੇਡ ਕਰਕੇ ਉਕਤ ਤਸਕਰ ਨੂੰ ਚੂਰਾਪੋਸਤ ਡੋਡਿਆਂ ਅਤੇ 1 ਲੱਖ 23 ਹਜ਼ਾਰ 4 ਸੌ ਰੁਪਏ ਦੀ ਨਕਦੀ ਸਮੇਤ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ । ਤਫਤੀਸ਼ੀ ਅਧਿਕਾਰੀ ਵੱਲੋਂ ਉਕਤ ਆਰੋਪੀ ਤੇ ਐੱਨਡੀਪੀਐੱਸ ਐਕਟ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰ ਕੇ ਜੱਜ ਸਾਹਿਬ ਤੋਂ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਹੈ ਤਾਂ ਜੋ ਦੋਸ਼ੀ ਤੋਂ ਨਸ਼ੇ ਸਬੰਧੀ ਹੋਰ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕੇ ।
