
ਚੋਰ ਚੁਸਤ, ਪੁਲਿਸ ਸੁਸਤ, ਨਸੇੜੀ ਦੇ ਰਹੇ ਨੇ ਘਟਨਾਵਾਂ ਨੂੰ ਇਨਜਾਮ: ਸੂਤਰ
ਰਾਮਪੁਰਾ ਫੂਲ:- (ਰਮਨਪ੍ਰੀਤ ਔਲਖ) ਸ਼ਹਿਰ ਵਿੱਚ ਲੱਗਦਾ ਹੈ ਕਿ ਚੋਰਾਂ ਨੂੰ ਪੂਰੀ ਖੁੱਲ ਮਿਲੀ ਹੋਈ ਹੈ ਕਿ ਚੋਰੀਆ ਕਰੋ ਤੇ ਮੋਜਾਂ ਲੁੱਟੋ। ਚੋਰਾਂ ਨੂੰ ਕਿਸੇ ਦਾ ਡਰ ਨਹੀ ਰਿਹਾ ਤੇ ਆਏ ਦਿਨ ਸ਼ਹਿਰ ਵਿੱਚ ਮੋਟਰ ਸਾਇਕਲ ਚੋਰੀ ਹੋ ਰਹੇ ਹਨ। ਤਾਜਾ ਖ਼ਬਰ ਅਨੁਸਾਰ ਇੱਕ ਹੋਰ ਮੋਟਰਸਾਇਕਲ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਮੋਟਰਸਾਇਕਲ ਵੀ ਸ਼ਹਿਰ ਦੇ ਉੱਘੇ ਤੇ ਪੁਰਾਣੇ ਪੱਤਰਕਾਰ ਜਸਵੀਰ ਸਿੰਘ ਦਾ ਸੀ। ਜਿਸ ਦਾ ਮਾਰਕਾ ਹੀਰੋ ਸਪਲੈਡਰ ਪਲੱਸ, ਨੰਬਰ ਪੀਬੀ 03 ਏਐਚ 8895 ਮਾਡਲ 2014 ਰੰਗ ਸਿਲਵਰ ਜੋ ਕਿ ਹਸਪਤਾਲ ਦੇ ਪਿਛਲੇ ਪਾਸੇਓ ਕਿਸੇ ਨੇ ਚੋਰੀ ਕਰ ਲਿਆ। ਚੋਰ ਬਿਲਕੁਲ ਕੁਝ ਹੀ ਕਦਮਾ ਦੀ ਦੂਰੀ ਤੇ ਹੀ ਮੋਟਰਸਾਇਕਲ ਚੋਰੀ ਕਰਕੇ ਲੈ ਗਿਆ। ਉਪਰੋਕਤ ਪੱਤਰਕਾਰ ਅਨੁਸਾਰ ਉਹ ਸਾਮ 7:05 ਦੇ ਕਰੀਬ ਦਵਾਈ ਲੈਣ ਲਈ ਮਹਿਰਾਜ ਮੈਡੀਕਲ ਤੇ ਗਿਆ ਸੀ, ਜਦੋ ਉਹ ਵਾਪਸ ਆਇਆ ਤਾਂ ਉਸ ਦੇ ਮੋਟਰਸਾਇਕਲ ਨੂੰ ਕੋਈ ਵਿਆਕਤੀ ਚਾਬੀ ਲਗਾ ਰਿਹਾ ਸੀ, ਥੋੜਾ ਰੋਲਾ ਪਾਉਣ ਤੇ ਚੋਰ ਬੜੀ ਫੁਰਤੀ ਨਾਲ ਮੋਟਰਸਾਇਕਲ ਭਜਾ ਕੇ ਲੈ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਦਿਨ-ਦਿਹਾੜੇ ਚੋਰਾਂ ਦੇ ਹੋਸਲੇ ਬੁਲੰਦ ਹੁੰਦੇ ਜਾ ਰਹੇ ਹਨ, ਪਰ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਦਾ ਅਰਾਮ ਲੈ ਰਹੇ ਹਨ।ਸੂਤਰਾਂ ਦੀ ਮੰਨੀਏ ਤਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦਾ ਆਲਾ-ਦੁਆਲਾ ਵੀ ਨਸ਼ੇੜੀਆਂ ਦਾ ਵੱਡਾ ਅੱਡਾ ਬਣਦਾ ਜਾ ਰਿਹਾ ਹੈ, ਜਿਸ ਕਾਰਨ ਅਕਸਰ ਹੀ ਇਸ ਇਲਾਕੇ ਵਿੱਚ ਘਟਨਾਵਾਂ ਹੋਣੀਆਂ ਆਮ ਗੱਲ ਹੋ ਗਈ ਹੈ। ਇਸ ਤੋਂ ਇਲਾਵਾ ਪਹਿਲਾ ਵੀ ਸ਼ਹਿਰ ਵਿੱਚ ਅਨੇਕਾ ਮੋਟਰਸਾਇਕਲ ਚੋਰੀ ਹੋ ਚੁੱਕੇ ਹਨ ਪਰ ਕੁਝ ਵੀ ਥਹੁ-ਪਤਾ ਨਹੀਂ ਲੱਗਿਆ। ਜਿਸ ਕਾਰਨ ਕਿਤੇ ਨਾ ਕਿਤੇ ਸ਼ਹਿਰ ਦੀ ਪੁਲਿਸ ਵੀ ਸੱਕ ਦੇ ਘੇਰੇ ਵਿੱਚ ਨਜ਼ਰ ਆਉਣ ਲੱਗੀ ਹੈ। ਜੇਕਰ ਇੰਝ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਆਪਣੇ ਘਰਾਂ ਅੰਦਰ ਹੀ ਕੈਦ ਹੋ ਕੇ ਰਹਿ ਜਾਣਗੇ ਤੇ ਪੁਲਿਸ ਪ੍ਰਸ਼ਾਸਨ ਤੋਂ ਉਨ੍ਹਾਂ ਦਾ ਭਰੋਸਾ ਖ਼ਤਮ ਹੋ ਜਾਵੇਗਾ। ਫਿਲਹਾਲ ਉਪਰੋਕਤ ਪੱਤਰਕਾਰ ਵਲੋਂ ਪੁਲਿਸ ਕੋਲ ਸਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਬਹੁਤ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਾਮਲਾ ਹਲਕਾ ਵਿਧਾਇਕ ਬਲਕਾਰ ਸਿੱਧੂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਗਿਆ ਹੈ, ਉਨ੍ਹਾਂ ਨੇ ਵੀ ਜਲਦ ਕਾਰਵਾਈ ਦੀ ਗੱਲ ਕਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਬਣਨ ਨਾਲ ਇਹ ਮੋਟਰਸਾਇਕਲ ਚੋਰ ਪੁਲਿਸ ਦੇ ਅੜਿਕੇ ਆਉਦੇਂ ਨੇ ਜਾਂ ਪਹਿਲਾ ਦੀ ਤਰ੍ਹਾਂ ਹੀ ਆਮ ਲੋਕਾਂ ਨੂੰ ਆਪਣੀ ਲੁੱਟ ਦਾ ਸਿਕਾਰ ਬਣਾਉਦੇ ਰਹਿਣਗੇ।
