
ਰੋਜਾਨਾ ਸਵੇਰਾ ਬਿਊਰੋ, ਚੰਡੀਗੜ੍ਹ: 29 ਸਾਲਾ ਨੌਜਵਾਨ ਉਦਯੋਗਪਤੀ ਤ੍ਰਿਸ਼ਨੀਤ ਅਰੋੜਾ ਜਿਹੜੇ ਕਿ ਟੀਏਸੀ ਸਕਿਊਰਟੀਜ਼ ਜੋ ਕਿ ਹੁਣ ਸਿਲੀਕਾਨ ਵੈਲੀ ਅਧਾਰਿਤ ਇੱਕ ਗਲੋਬਲ ਸਾਈਬਰ ਸੁਰੱਖਿਆ ਫ਼ਰਮ ਦੇ ਸੰਸਥਾਪਕ ਹਨ। ਉਸ ਨੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਮੁਲਾਕਾਤ ਕੀਤੀ।
ਸਤੰਬਰ ‘ਚ ਮੁਹਾਲੀ ਵਿਖੇ ਹੋਈ ਇਨੋਵੇਸ਼ਨ ਪੰਜਾਬ ਸੰਮੇਲਨ ਮੌਕੇ ਤ੍ਰਿਸ਼ਨੀਤ ਅਰੋੜਾ ਨੂੰ ਮੁੱਖ ਮੰਤਰੀ ਨੇ ਮੁਲਾਕਾਤ ਦਾ ਸੱਦਾ ਦਿੱਤਾ ਸੀ। ਇਸ ਸੰਮੇਲਨ ਵਿੱਚ ਮੁੱਖ ਮੰਤਰੀ ਨਾਲ ਮੰਚ ਸਾਂਝਾ ਕਰਦਿਆਂ ਤ੍ਰਿਸ਼ਨੀਤ ਅਰੋੜਾ ਨੇ ਸੂਬੇ ਦੇ ਲੋਕਾਂ ਅਤੇ ਉਦਯੋਗਪਤੀਆਂ ਨਾਲ ਸੂਬੇ ਦੀਆਂ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਸਨ। ਤ੍ਰਿਸ਼ਨੀਤ ਨੇ ਦੱਸਿਆ ਸੀ ਕਿ ਵੱਡੀਆਂ ਈ-ਸਟਾਰਟਅੱਪ ਕੰਪਨੀਆਂ ਜਿਵੇਂ ਕਿ ਫਲਿੱਪਕਾਰਟ, ਜੋਮੈਟੋ ਅਤੇ ਓਲਾ ਦੇ ਸੰਸਥਾਪਕ ਪੰਜਾਬ ਨਾਲ ਸਬੰਧਿਤ ਹਨ ਪਰ ਉਹ ਦੂਜੇ ਰਾਜਾਂ ਤੋਂ ਕੰਮ ਕਰਨਾ ਚਾਹੁੰਦੇ ਹਨ। ਇਸ ਨਾਲ ਪੰਜਾਬ ਲਈ ਮਾਲੀਆ, ਰੁਜ਼ਗਾਰ, ਵਾਤਾਵਰਣ ਦਾ ਨੁਕਸਾਨ ਹੋਇਆ ਹੈ।
ਤ੍ਰਿਸ਼ਨੀਤ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟੀਏਸੀ ਸਕਿਊਰਟੀਜ਼ ਦੀ ਟੀਮ ਨਾਲ ਮੀਟਿੰਗ ਦੌਰਾਨ ਆਪਣੀਆਂ ਪੰਜਾਬ ਪ੍ਰਤੀ ਚਿੰਤਾਵਾਂ ਨੂੰ ਮੁੜ ਉਭਾਰਿਆ ਹੈ। ਤ੍ਰਿਸ਼ਨੀਤ ਅਰੋੜਾ ਨੇ ਮੁੱਖ ਮੰਤਰੀ ਨੂੰ ਆਰਥਿਕਤਾ, ਰੁਜ਼ਗਾਰ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਆਈਟੀ ਉਦਯੋਗ ਨੂੰ ਸਬਸਿਡੀ ਦੇਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਤ੍ਰਿਸ਼ਨੀਤ ਅਰੋੜਾ ਨੂੰ ਪੰਜਾਬ ਲਈ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਮਰਥਨ ਦੇਣ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਰੋਸੇਯੋਗਤਾ ਰੱਖਦੇ ਹਨ ਅਤੇ ਲੋਕ ਇਸ ਮਾਮਲੇ ਤੇ ਸਰਕਾਰ ਦੀ ਬਜਾਏ ਤ੍ਰਿਸ਼ਨੀਤ ਦੀ ਗੱਲ ਨੂੰ ਵਧੇਰੇ ਤਵੱਜੋ ਦੇਣਗੇ। ਮੀਟਿੰਗ ਤੋਂ ਬਾਅਦ ਤ੍ਰਿਸ਼ਨੀਤ ਅਰੋੜਾ ਨੇ ਕਿਹਾ ਕਿ, ‘‘ਮੁੱਖ ਮੰਤਰੀ ਮਾਨ ਕੋਲ ਸੂਬੇ ਵਿੱਚ ਉੱਦਮਤਾ, ਨਵੀਨਤਾ ਅਤੇ ਕਾਰੋਬਾਰ ਦੀ ਸੌਖ ਨੂੰ ਹੁਲਾਰਾ ਦੇ ਕੇ ਨਵੇਂ ਪੰਜਾਬ ਦਾ ਨਿਰਮਾਣ ਕਰਨ ਦਾ ਬੇਹੱਦ ਢੁਕਵਾਂ ਮੌਕਾ ਹੈ।
ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਵੀ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੇ ਮੁਲਾਕਾਤ ਕੀਤੀ। ਵਿੱਤ ਮੰਤਰੀ ਚੀਮਾ ਨੇ ਇਸ ਮੌਕੇ ਆਖਿਆ ਕਿ ‘‘ਪੰਜਾਬ ਸਰਕਾਰ ਸਾਈਬਰ ਧੋਖਾਧੜੀ ਦੇ ਵਿਰੁੱਧ ਇੱਕ ਗਤੀਸ਼ੀਲ ਜਾਂਚ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਆਪਣੀਆਂ ਆਨਲਾਈਨ ਭੁਗਤਾਨ ਵਿਧੀਆਂ ਅਤੇ ਵੱਖ-ਵੱਖ ਸੇਵਾਵਾਂ ਲਈ ਆਧੁਨਿਕ ਸਾਈਬਰ ਸੁਰੱਖਿਆ ਉਪਾਵਾਂ ਦੀ ਵਰਤੋਂ ਕਰ ਰਹੀ ਹੈ।” ਉਨ੍ਹਾਂ ਦਾ ਪੂਰਾ ਵਿਸਵਾਸ਼ ਹੈ ਕਿ ਸਾਈਬਰ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਵਿੱਚ ਵੀ ਫਾਇਦਾ ਹੋਵੇਗਾ।
ਟੀਏਸੀ ਸਕਿਊਰਿਟੀ ਦੇ ਸੀਈਓ ਤ੍ਰਿਸ਼ਨੀਤ ਅਰੋੜਾ ਨੇ ਵੀ ਮੁੱਖ ਮੰਤਰੀ ਨੂੰ ਉਨ੍ਹਾਂ ਨੌਜਵਾਨਾਂ ਨੂੰ ਸਰਕਾਰ ਵੱਲੋਂ 10 ਲੱਖ ਰੁਪਏ ਦਾ ਵਿਆਜ ਮੁਕਤ ਕਰਜਾ ਦੇਣ ਦਾ ਪ੍ਰਸ਼ਤਾਵ ਦਿੱਤਾ, ਜਿਨ੍ਹਾਂ ਕੋਲ ਵਪਾਰਕ ਵਿਚਾਰ ਹਨ ਅਤੇ ਖੋਜ ਦੇ ਨਾਲ ਸਹੀ ਯੋਜਨਾਵਾਂ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਹਿਯੋਗ ਨਾਲ ਲਾਗੂ ਕੀਤਾ ਜਾ ਸਕੇ। ਇਸ ਨਾਲ ਮਾਲੀਆ ਪੈਦਾ ਕਰਨ ਦੇ ਨਾਲ-ਨਾਲ ਰੁਜ਼ਗਾਰ ਪੈਦਾ ਕਰਨ ਵਾਲੇ ਵਾਤਾਵਰਣ ਨੂੰ ਵੀ ਹੁਲਾਰਾ ਮਿਲੇਗਾ। ਇਸ ਮੌਕੇ ਡਾਇਰੈਕਟਰ ਗਲੋਬਲ ਅਤੇ ਸਰਕਾਰੀ ਮਾਮਲੇ ਜਨਰਲ ਆਈ.ਐਸ. ਸਿੰਘਾ ਅਤੇ ਟੀਏਸੀ ਦੇ ਉੱਪ ਪ੍ਰਧਾਨ ਗੌਰਵ ਮਹਾਜਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੋ: ਸਾਇਰਸ ਐਮ.ਆਰ. ਗੋਂਡਾ ਦੁਆਰਾ ਲਿਖੀ ਕਿਤਾਬ ‘‘ ਤ੍ਰਿਸ਼ਨੀਤ ਅਰੋੜਾ -ਲੀਡਰਸ਼ਿਪ ਦਾ ਮੈਜਿਕ” ਵੀ ਭੇਟ ਕੀਤੀ।