
ਸ਼ਹਿਰ ਦੇ ਮੁੱਖ ਰਸਤਿਆਂ ਦੀਆਂ ਸੜਕਾਂ ਦੀ ਹਾਲਤ ਖ਼ਸਤਾ
ਰਾਮਪੁਰਾ ਫੂਲ, (ਜਸਵੀਰ ਔਲਖ) – ਰਾਮਪੁਰਾ ਫੂਲ ਸ਼ਹਿਰ ਦੇ ਵਿਨਾਸ਼ ਦੀ ਗੱਲ ਜੇਕਰ ਸੜਕਾਂ ਤੋਂ ਕੀਤੀ ਜਾਵੇ ਤਾਂ ਇਸ ਵਿਚ ਕੋਈ ਹੈਰਾਨਗੀ ਨਹੀਂ ਹੋਵੇਗੀ ਕਿਉਂਕਿ ਸ਼ਹਿਰ ਨਿਵਾਸੀ ਹੁਣ ਇਨ੍ਹਾਂ ਟੁੱਟੀਆਂ ਹੋਈਆਂ ਅਤਿ ਖ਼ਸਤਾ ਹਾਲ ਸੜਕਾਂ ਤੋਂ ਰੋਜ਼ਾਨਾ ਲੰਘਣ ਲਈ ਮਜ਼ਬੂਰ ਹਨ ਅਤੇ ਇਨ੍ਹਾਂ ਸੜਕਾਂ ਦੇ ਨਵੇਂ ਬਣਨ ਦੀ ਗੱਲ ਤਾਂ ਦੂਰ ਇਨ੍ਹਾਂ ਦੀ ਮੁਰੰਮਤ ਕਰਨਾ ਵੀ ਮੁਨਾਸਿਬ ਨਹੀਂ ਹੈ ਕਿਉਂਕਿ ਪੰਜਾਬ ‘ਚ ਆਪ ਪਾਰਟੀ ਦੀ ਸਰਕਾਰ ਬਣਿਆਂ ਹਾਲੇ ਇਕ ਸਾਲ ਹੀ ਹੋਇਆ ਹੈ ਤੇ ਜ਼ਿਆਦਾਤਰ ਸਰਕਾਰਾਂ ਦੀਆਂ ਨੀਤੀਆਂ ਮੁਤਾਬਿਕ ਉਹ ਆਪਣੇ ਵਿਕਾਸ ਦਾ ਝੰਡਾ ਵਿਧਾਨ ਸਭਾ ਚੋਣਾਂ ਤੋਂ ਸਾਲ ਕੁ ਪਹਿਲਾਂ ਚੁੱਕਦੀਆਂ ਹਨ ਤਾਂ ਜੋ ਲੋਕਾਂ ਨੂੰ ਵਿਕਾਸ ਕਾਰਜਾਂ ਦੇ ‘ਚ ਉਲਝਾ ਕੇ ਦੁਬਾਰਾ ਵੋਟਾਂ ਪ੍ਰਾਪਤ ਕਰਕੇ ਆਪਣੀ ਸਰਕਾਰ ਬਣਾਈ ਜਾ ਸਕੇ। ਇਸ ਲਈ ਰਾਮਪੁਰਾ ਫੂਲ ਸ਼ਹਿਰ ਦੀਆਂ ਇਨ੍ਹਾਂ ਅਤਿ ਖ਼ਸਤਾ ਹਾਲ ਸੜਕਾਂ ਦਾ ਨਵਾਂ ਬਣਨਾ ਹਾਲੇ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ। ਸ਼ਹਿਰ ਦੀ ਸਭ ਤੋਂ ਖ਼ਸਤਾ ਹਾਲ ਸੜਕ ਰੇਲਵੇ ਫਾਟਕ ਤੋਂ ਗਾਂਧੀ ਨਗਰ ਦੀ ਹੈ । ਇਸ ਸੜਕ ਦੀ ਹਾਲਤ ਇਹ ਬਣੀ ਹੋਈ ਹੈ ਕਿ ਇਸ ਸੜਕ ਦੇ ਉਖੜੇ ਹੋਏ ਪੱਥਰ ਵਾਹਨਾਂ ਦੇ ਲੰਘਣ ਦੌਰਾਨ ਟੱਪੇ ਖਾ ਕੇ ਨੇੜੇ ਦੀ ਲੰਘਦੇ ਰਾਹਗੀਰਾਂ ਦੇ ਵੱਜਦੇ ਹਨ। ਇੱਥੇ ਹੌ ਬੱਸ ਨਹੀਂ ਸ਼ਹੀਦ ਸਮਾਰਕ ਕਾਲਜ ਤੋਂ ਲੈ ਕੇ ਅਜੀਤ ਇਡੇਨ ਗੈਸ ਏਜੰਸੀ ਤੋਂ ਅੱਗੇ ਤੱਕ ਸੜਕ ਬੁਰੀ ਤਰ੍ਹਾਂ ਖਸਤਾ ਹਾਲ ਵਿਚ ਹੈ । ਇਸ ਤੋਂ ਇਲਾਵਾ ਸਿਵਲ ਹਸਪਤਾਲ ਦੇ ਮੁੱਖ ਗੇਟ ਕੋਲ ਸੜਕ, ਬੈਂਕ ਬਜ਼ਾਰ ਦੇ ਬਿਲਕੁੱਲ ਮੋੜ ਤੇ ਉਸ ਤੋਂ ਇਲਾਵਾ ਸਿਵਲ ਹਸਪਤਾਲ ਤੋਂ ਸੂਏ ਵੱਲ ਜਾਂਦੀ ਸੜਕ ਉਸ ਤੋਂ ਅੱਗੇ ਫੂਲ ਵਾਲੀ ਸੜਕ ਤਾਂ ਕਈ ਸਾਲਾਂ ਤੋਂ ਖ਼ਸਤਾ ਹਾਲਤ ਵਿਚ ਹੈ। ਸੜਕਾਂ ਦੇ ਵਿਚਕਾਰ ਬਣੇ ਸੀਵਰੇਜ ਦੇ ਢੱਕਣ ਵੀ ਟੁੱਟ ਚੁੱਕੇ ਹਨ, ਸਟਰੀਟ ਲਾਈਟਾ ਅਕਸਰ ਬੰਦ ਰਹਿੰਦੀਆਂ ਹਨ। ਜਿਸ ਵੱਲ ਨਗਰ ਕੌਂਸਲ ਅਤੇ ਮੌਜੂਦਾ ਸਿਧਾਇਕ ਦੀ ਸਵੱਲੀ ਨਜ਼ਰ ਨਹੀਂ ਪਈ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਸ਼ਹਿਰ ਦੀ ਇਸ ਸਮੱਸਿਆ ਵੱਲ ਕਿਸੇ ਵੀ ਰਾਜਨੀਤਿਕ ਆਗੂ ਨੇ ਧਿਆਨ ਨਹੀਂ ਦਿੱਤਾ ਤੇ ਸ਼ਹਿਰ ਦੇ ਲੋਕ ਇਨ੍ਹਾਂ ਖ਼ਸਤਾ ਹਾਲ ਸੜਕਾਂ ਤੋਂ ਲੰਘਣ ਕਾਰਨ ਹੁਣ ਆਪਣਾ ਹੱਡਾਂ ਜੋੜਾਂ ਵਾਲੇ ਡਾਕਟਰਾਂ ਤੋਂ ਇਲਾਜ ਕਰਵਾਉਣ ਦੇ ਨਾਲ-ਨਾਲ ਲੀਡਰਾਂ ਵਲੋਂ ਦਿੱਤੇ ਜਾਂਦੇ ਵਿਕਾਸ ਦੇ ਲੱਛੇਦਾਰ ਭਾਸ਼ਣਾਂ ਦਾ ਨਿਰੀਖਣ ਕਰਨ ਲੱਗੇ ਹਨ। ਇਸ ਮੌਕੇ ਸ਼ਹਿਰ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਣਿਆ ਹੁਣ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਹਲਕਾ ਵਿਧਾਇਕ ਨੂੰ ਚਾਹੀਦਾ ਹੈ ਸ਼ਹਿਰ ਦੀਆਂ ਜ਼ਿਆਦਾਤਰ ਟੁੱਟੀਆਂ ਸੜਕਾਂ ਦੀ ਹਾਲਤ ਸੁਧਾਰਨ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ।
