ਮਾਮਲਾ ਫਾਇਰ ਕ੍ਰਮਚਾਰੀਆਂ ਸਮੇਤ ਇੱਕ ਲੇਡੀ ਮੁਲਾਜਮ ਨੂੰ ਨੌਕਰੀ ਤੋਂ ਫਾਰਗ ਕਰਨ ਦਾ
ਰਾਮਪੁਰਾ ਫੂਲ, (ਜਸਵੀਰ ਔਲਖ)- ਨਗਰ ਕੌਂਸਲ ਰਾਮਪੁਰਾ ਫੂਲ ਵੱਲੋਂ ਸਥਾਨਕ ਵਿਧਾਇਕ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਿਛਲੇ 4-5 ਸਾਲਾਂ ਤੋਂ ਕੰਮ ਕਰਦੇ ਫਾਇਰ ਕ੍ਰਮਚਾਰੀਆਂ ਸਮੇਤ ਇੱਕ ਦਫਤਰੀ ਲੇਡੀ ਮੁਲਾਜਮ ਨੂੰ ਨੌਕਰੀ ਤੋਂ ਹਟਾਉਣ ਖਿਲਾਫ ਸਮੁੱਚੇ ਮੁਲਾਜਮਾਂ ਅੰਦਰ ਕਾਫੀ ਰੋਸ ਪੈਦਾ ਹੋ ਰਿਹਾ ਹੈ। ਮੁਲਾਜਮਾਂ ਦੀ ਸਥਾਨਕ ਜਥੇਬੰਦੀ ਪੰਜਾਬ ਮਿਉਂਸਪਲ ਵਰਕਰਜ ਯੂਨੀਅਨ ਬ੍ਰਾਂਚ ਰਾਮਪੁਰਾ ਫੂਲ ਦੇ ਕਾਰਜਕਾਰੀ ਪ੍ਰਧਾਨ ਅਤੇ ਜਥੇਬੰਦੀ ਦੇ ਸੂਬਾ ਖਜਾਨਚੀ ਸ੍ਰੀ ਭੂਸ਼ਨ ਕੁਮਾਰ ਨੇ ਦੱਸਿਆ ਕਿ ਉਪਰੋਕਤ ਸਾਰੇ ਮੁਲਾਜਮ ਪਿਛਲੇ 4-5 ਸਾਲਾਂ ਤੋਂ ਆਊਟ ਸੋਰਸ ਤੇ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਸਨ, ਪ੍ਰੰਤੂ ਨਗਰ ਕੌਂਸਲ ਰਾਮਪੁਰਾ ਫੂਲ ਨੇ ਬਿਨਾਂ ਕਿਸੇ ਦੋਸ਼ ਦੇ ਸਿਰਫ “ਬਦਲਾਅ” ਲੈ ਕੇ ਆਉਣ ਦੀ ਯੋਜਨਾਂ ਤਹਿਤ ਇਹਨਾਂ ਮੁਲਾਜਮਾਂ ਨੂੰ ਫਾਰਗ ਕਰਕੇ ਇਹਨਾਂ ਦੀ ਰੋਜੀ- ਰੋਟੀ ਵਿੱਚ ਲੱਤ ਮਾਰੀ ਹੈ। ਜਿਸ ਸਬੰਧੀ ਯੂਨੀਅਨ ਦੇ ਵਫਦ ਵੱਲੋਂ ਸਥਾਨਕ ਵਿਧਾਇਕ ਅਤੇ ਕਾਰਜ ਸਾਧਕ ਅਫਸਰ ਨੂੰ ਕਈ ਵਾਰ ਮਿਿਲਆ ਗਿਆ, ਪ੍ਰੰਤੂ ਸਥਾਨਕ ਵਿਧਾਇਕ ਵੱਲੋਂ ਇਹ ਕਹਿਕੇ ਇਹਨਾਂ ਮੁਲਾਜਮਾਂ ਦਾ ਰੁਜਗਾਰ ਖੋਹਿਆ ਗਿਆ ਕਿ ਇਹ ਪਿਛਲੀ ਸਰਕਾਰ ਨੇ ਭਰਤੀ ਕੀਤੇ ਹਨ, ਯੂਨੀਅਨ ਆਗੂਆਂ ਅਨੁਸਾਰ ਮੁਲਾਜਮਾਂ ਦਾ ਕਿਸੇ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਪ੍ਰ੍ਰੰਤੂ ਫਿਰ ਵੀ ਇਹਨਾਂ ਮੁਲਾਜਮਾਂ ਨੂੰ ਸਰਕਾਰ ਬਲੀ ਦਾ ਬਕਰਾ ਕਿਉਂ ਬਣਾ ਰਹੀ ਹੈ। ਜਿਸ ਕਰਕੇ ਸਥਾਨਕ ਮੁਲਾਜਮਾਂ ਦਾ ਗੁੱਸਾ ਇਸ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਖਿਲਾਫ ਭੜਕਦਾ ਜਾ ਰਿਹਾ ਹੈ। ਹੁਣ ਸਥਾਨਕ ਜਥੇਬੰਦੀ ਵੱਲੋਂ ਨਗਰ ਕੌਂਸਲ ਰਾਮਪੁਰਾ ਫੂਲ ਨੂੰ ਇੱਕ ਨੋਟਿਸ ਦੇ ਕੇ ਬੇਨਤੀ ਕੀਤੀ ਗਈ ਹੈ ਅਤੇ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਮੁਲਾਜਮਾਂ ਨੂੰ ਹਫਤੇ ਦੇ ਅੰਦਰ-ਅੰਦਰ ਮੁੜ ਹਾਜਰ ਨਾ ਕਰਵਾਇਆ ਗਿਆ ਤਾਂ ਹਫਤੇ ਬਾਅਦ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਜੋ ਭਵਿੱਖ ਵਿੱਚ ਜਿਲ੍ਹਾ ਅਤੇ ਪੰਜਾਬ ਪੱਧਰ ਦਾ ਸੰਘਰਸ਼ ਵੀ ਬਣ ਸਕਦਾ ਹੈ।
ਜਦੋ ਇਸ ਸਾਰੇ ਮਾਮਲੇ ਸਬੰਧੀ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਫੋਨ ਤੇ ਪੱਖ ਜਾਣਨ ਦੀ ਕੋਸ਼ਿਸ ਕੀਤੀ ਗਈ ਤਾਂ ਵਿਧਾਇਕ ਨਾਲ ਸੰਪਰਕ ਸੰਭਵ ਨਹੀਂ ਹੋ ਸਕਿਆ।

