ਅੰਮ੍ਰਿਤਸਰ –ਹਮੇਸ਼ਾ ਹੀ ਵਿਵਾਦਾਂ ਵਿਚ ਰਹਿਣ ਵਾਲੇ ਆਈ. ਆਈ. ਐੱਮ. (ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ) ਅੰਮ੍ਰਿਤਸਰ ਦੇ ਵਿਦਿਆਰਥੀਆਂ ਨੇ ਬੀਤੀ ਰਾਤ ਹੋਸਟਲ ਦੇ ਏ. ਸੀ. ਦੀ ਖਰਾਬੀ ਕਾਰਨ ਕਾਲਜ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਖ਼ਰਾਬ ਏ. ਸੀ. ਕਾਰਨ ਵਿਦਿਆਰਥੀ ਲਾਇਬ੍ਰੇਰੀ ਵਿਚ ਸੌਣ ਲਈ ਮਜ਼ਬੂਰ ਹੋ ਗਏ ਅਤੇ ਇਸ ਸਬੰਧੀ ਬਣਾਈ ਗਈ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਚ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਆਈ. ਆਈ. ਐੱਮ. ਦੀ ਮੈਨੇਜਮੈਂਟ ’ਤੇ ਸਵਾਲ ਉਠਾਏ।
ਵਿਦਿਆਰਥੀਆਂ ਨੇ ਦੱਸਿਆ ਕਿ ਦਿਨੋਂ ਦਿਨ ਵੱਧ ਰਹੀ ਗਰਮੀ ਕਾਰਨ ਉਨ੍ਹਾਂ ਦੇ ਕਮਰਿਆਂ ਦੇ ਏ. ਸੀ. ਕੰਮ ਨਹੀਂ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਕਾਲਜ ਪ੍ਰਬੰਧਕਾਂ ਨੂੰ ਇਸ ਦੀ ਮੁਰੰਮਤ ਜਾਂ ਨਵਾਂ ਏ. ਸੀ. ਲਗਾਉਣ ਲਈ ਵਾਰ-ਵਾਰ ਲਿਖਿਆ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ।
ਵਿਦਿਆਰਥੀਆਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਇਹ ਵੀ ਲਿਖਿਆ ਹੈ ਕਿ ਅਜਿਹੇ ’ਚ ਉਹ ਨਾ ਤਾਂ ਪੜ੍ਹਾਈ ਕਰ ਸਕਦੇ ਹਨ ਅਤੇ ਨਾ ਹੀ ਚੰਗੀ ਤਰ੍ਹਾਂ ਸੌਂ ਸਕਦੇ ਹਨ, ਜਿਸ ਕਾਰਨ ਹੁਣ ਉਹ ਲਾਇਬ੍ਰੇਰੀ ਵਿਚ ਸੌਣ ਵਾਸਤੇ ਮਜ਼ਬੂਰ ਹੋ ਗਏ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਫਿਰ ਵੀ ਮੈਨੇਜਮੈਂਟ ਨਾ ਜਾਗੀ ਤਾਂ ਉਹ ਉਨ੍ਹਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨਗੇ।