
ਰਾਮਪੁਰਾ ਫੂਲ (ਜਸਵੀਰ ਔਲਖ):-
ਮਨੁੱਖ ਮੁੱਢ ਕਦੀਮੋਂ ਹੀ ਜ਼ਿੰਦਗੀ ਦਾ ਆਸ਼ਿਕ ਰਿਹਾ ਹੈ। ਇਹੋ ਇਸ਼ਕ ਉਸਨੂੰ ਪੱਥਰਾਂ ਦਾ ਸੀਨਾ ਚੀਰਨ ਲਈ ਮਜਬੂਰ ਕਰਦਾ ਹੈ। ਦੇਸ਼ ਕੌਮ ਲਈ ਸਰਹੱਦਾਂ ‘ਤੇ ਰਾਖੀ ਕਰਨ ਵਾਲੇ ਜਵਾਨਾਂ ਅੰਦਰ ਵੀ ਇੱਕ ਜ਼ਜ਼ਬਾ ਹੁੰਦਾ ਹੈ ਜੋ ਉਨ੍ਹਾਂ ਨੂੰ ਲੱਖ ਮੁਸੀਬਤਾਂ ਆਉਣ ‘ਤੇ ਵੀ ਡੋਲਣ ਨਹੀਂ ਦਿੰਦਾ । ਅਜਿਹੇ ਹੀ ਜ਼ਜਬੇ ਵਾਲੇ ਸੂਬੇਦਾਰ ਹਰਦਿਆਲ ਸਿੰਘ ਦੀ ਅੱਜ ਗੱਲ ਕਰ ਰਹੇ ਹਾਂ ਜਿਸਨੇ ਫ਼ੌਜ ਵਿੱਚ ਦੇਸ਼ ਦੀ ਸੇਵਾ ਕਰਦਿਆਂ ਖੇਡਾਂ ਦੇ ਖੇਤਰ ਵਿੱਚ ਸੇਵਾਵਾਂ ਦੇਣ ਬਦਲੇ ਅਨੇਕਾਂ ਮਾਣ ਸਨਮਾਣ ਅਤੇ ਮੈਡਲ ਪ੍ਰਾਪਤ ਕੀਤੇ। ਉਸਨੂੰ ਮਾਣ ਹੈ ਕਿ ਉਸਨੇ ਫ਼ੌਜ ਵਿੱਚ ਜਵਾਨਾਂ ਨੂੰ ਗੋਤਾਖੋਰੀ ਅਤੇ ਬਾਕਸਿੰਘ ਦੇ ਮੈਦਾਨ ਵਿੱਚ ਨਿਪੁੰਨ ਬਣਾਇਆ।
ਬਰਨਾਲਾ ਜਿਲ੍ਹਾ ਦੇ ਪਿੰਡ ਬੀਹਲਾ ਵਿਖੇ 26 ਸਤੰਬਰ 1942 ਨੂੰ ਮਾਤਾ ਸ਼ਿਆਮ ਕੌਰ ਦੀ ਕੁੱਖੋਂ ਜਨਮੇਂ ਹਰਦਿਆਲ ਸਿੰਘ ਦੇ ਪਿਤਾ ਸ੍ਰ ਨੰਦ ਸਿੰਘ ਜੀ ਆਰਮੀ ਵਿੱਚ ਨੌਕਰੀ ਕਰਦੇ ਸੀ। ਜਿਸ ਕਰਕੇ ਆਪ ਵੀ ਪਿੰਡ ਦੇ ਸਕੂਲ ਤੋਂ ਮੁੱਢਲੀ ਪੜ੍ਹਾਈ ਪੂਰੀ ਕਰਕੇ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਦੀ ਪਹਿਲੀ ਨਿਯੁਕਤੀ ਬੰਗਾਲ ਇੰਜਨੀਅਰ ਗਰੁੱਪ ਐਂਡ ਸੈਂਟਰ ਰੁੜਕੀ ਵਿਖੇ ਹੋਈ, ਜਿੱਥੇ ਆਪ ਨੋਕਰੀ ਕਰਦਿਆਂ ਸਪੋਰਟਸ ਵਿਭਾਗ ਦੀਆਂ ਗਤੀਵਿਧੀਆਂ ‘ਚ ਸਰਗਰਮ ਹੋ ਗਏ ਤੇ ਆਪ ਨੂੰ ਸਪੋਰਟਸ ਵਿੰਗ ਵਿੱਚ ਸਪੈਸ਼ਲ ਤੌਰ ‘ਤੇ ਚੁਣਿਆ ਗਿਆ। ਨੌਕਰੀ ਦੌਰਾਨ ਹੀ ਆਪ ਨੇ ਅਸਿਸਟੈਂਟ ਇੰਸਟਕਟਰ (ਫ਼ਿਜ਼ੀਕਲ) ਦਾ ਕੋਰਸ ਪਾਸ ਕੀਤਾ ਤੇ ਬਤੌਰ ਇੰਸਟਕਟਰ ਆਰਮੀ ਦੇ ਜਵਾਨਾਂ ਨੂੰ ਬੈਟਲ ਅਤੇ ਫ਼ਿਜੀਕਲ ਟਰੇਨਿੰਗ ਦੇਣ ਦੀਆਂ ਸੇਵਾਵਾਂ ਦਿੱਤੀਆਂ। ਆਪ ਨੇ ਜਵਾਨਾਂ ਨੂੰ ਬਾਕਸਿੰਗ, ਅਥਲੈਟਿਕਸ ਅਤੇ ਡਾਇਵਿੰਗ( ਗੋਤਾਖੋਰੀ) ਆਦਿ ਦੀ ਟਰੇਨਿੰਗ ਦਿੱਤੀ । ਖੇਡਾਂ ਪ੍ਰਤੀ ਆਪ ਜੀ ਦੇ ਮਨ ਵਿੱਚ ਵੱਡਾ ਉਤਸ਼ਾਹ ਸੀ ਜਿਸ ਕਰਕੇ ਆਪ ਡਿਊਟੀ ਦੇ ਨਾਲ ਨਾਲ ਸਵੇਰ-ਸ਼ਾਮ ਖੇਡਾਂਦਾ ਵੀ ਅਭਿਆਸ ਕਰਦੇ ਸੀ। ਹਰਦਿਆਲ ਸਿੰਘ ਨੇ ਦੱਸਿਆ ਕਿ ਬਾਕਸਿਗ, ਅਥਲੈਟਿਕਸ ਅਤੇ ਗੋਤਾਖੋਰੀ ਵਿੱਚ ਉਸਦੀ ਵਧੇਰੇ ਦਿਲਚਸਪੀ ਰਹੀ ਪ੍ਰੰਤੂ ਮੁੱਖ ਤੌਰ ‘ਤੇ ਉਹ ਗੋਤਾਖੋਰੀ ਵਿੱਚ ਵਧੇਰੇ ਨਿਪੁੰਨਤਾ ਰੱਖਦੇ ਸੀ । ਇਸ ਖੇਡ( ਡਾਇਵਿੰਗ) ਵਿੱਚ ਉਸਨੇ ਭਾਰਤ ਪੱਧਰ ‘ਤੇ ਸੱਭ ਤੋਂ ਵੱਧ ਮੈਡਲ ਪ੍ਰਾਪਤ ਕੀਤੇ। ਆਪ 1975 ਵਿੱਚ ਬਤੌਰ ਨਾਇਕ ਆਰਮੀ ਵਿੱਚੋਂ ਸੇਵਾਮੁਕਤ ਹੋਏ ਪ੍ਰੰਤੂ ਭਾਰਤ ਸਰਕਾਰ ਵਲੋਂ ਆਪ ਜੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਨੂੰ ਵੇਖਦਿਆਂ ਮੁੜ ਫੇਰ ਸੀ ਆਰ ਪੀ ਐੱਫ਼ ਵਿੱਖ ਬਤੌਰ ਸਬ ਇੰਸਪੈਕਟਰ ਚੁਣ ਲਿਆ। ਹਰਦਿਆਲ ਸਿੰਘ ਨੇ ਸੀ ਆਰ ਪੀ ਐਫ਼ ਵਿੱਚ ਕੋਚ ਕਮ ਸਪੋਰਟਸਮੈਨ 33 ਸਾਲ ਡਿਊਟੀ ਕੀਤੀ। ਸੰਨ 1979 ਵਿੱਚ ਐੱਨ ਆਈ ਐੱਸ ਪਟਿਆਲਾ ਤੋਂ ਸਪੋਰਟਸਮੈਨ ਦਾ ਡਿਪਲੋਮਾ ਕੀਤਾ। ਜਿਸਦੀ ਯੋਗਤਾ ਅਤੇ ਤਜੱਰਬੇ ਨੂੰ ਵੇਖਦਿਆਂ ਐੱਸ ਐੱਫ ਆਈ ਵਲੋਂ ਨੈਸ਼ਨਲ ਕੋਚ ਐਲਾਨਿਆ ਗਿਆ। 1982 ਵਿੱਚ ਦਿੱਲੀ ਵਿਖੇ ਹੋਈਆਂ ਏਸ਼ੀਅਨ ਗੇਮਜ਼ ਦੌਰਾਨ ਬਤੌਰ ਕੋਚ ਡਿਊਟੀ ਦਿੱਤੀ। ਹਰਦਿਆਲ ਸਿੰਘ ਅੱਜ ਵੀ ਖੇਡਾਂ ਪ੍ਰਤੀ ਪੂਰਨ ਤੌਰ ‘ਤੇ ਉਤਸ਼ਾਹੀ ਤੇ ਜੋਸ਼ੋ ਖ਼ਰੋਸ਼ ਵਿੱਚ ਹਨ। ਉਨ੍ਹਾਂ ਦੀ ਇੱਛਾ ਹੈ ਕਿ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਹ ਬਤੌਰ ਕੋਚ ਆਪਣੀਆਂ ਸੇਵਾਵਾਂ ਬਿਲਕੁਲ ਮੁਫ਼ਤ ਦੇਣ ਲਈ ਤਿਆਰ ਹਨ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਇਆ ਜਾ ਸਕੇ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ ।ਅੰਤ ਵਿੱਚ ਉਨ੍ਹਾਂ ਭਰੇ ਮਨ ਨਾਲ ਕਿਹਾਕਿ ਦੇਸ ਲਈ ਅਨੇਕਾ ਮੈਡਲ ਲੈਣ ਦੇ ਬਾਵਜੂਦ ਵੀ ਅੱਜ ਉਹ ਬਹੁਤ ਸਾਰੀਆਂ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ।