ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਮਹਿਲਾਵਾਂ ਲਈ ਐਲਾਨੇ ਗਏ 1000-1000 ਰੁਪਏ ਦੇ ਨਾਂ ‘ਤੇ ਕੀਤੇ ਜਾ ਰਹੇ ਜਸ਼ਨ ਪੂਰੀ ਤਰ੍ਹਾਂ ਪਾਰਟੀ ਕੈਡਰ ਦੁਆਰਾ ਯੋਜਨਾਬੱਧ ਅਤੇ ਬਣਾਵਟੀ ਹਨ।
ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ‘ਆਪ’ ਵੱਲੋਂ ਆਪਣੀਆਂ ਮਹਿਲਾ ਵਾਲੰਟੀਅਰਾਂ ਰਾਹੀਂ ਕਰਵਾਏ ਗਏ ਹਨ ਤਾਂ ਜੋ ਲੋਕਾਂ ‘ਚ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਪੰਜਾਬ ਦੀਆਂ ਮਹਿਲਾਵਾਂ ਸਵੈ-ਇੱਛਾ ਨਾਲ ਸੜਕਾਂ ‘ਤੇ ਨਿਕਲ ਕੇ ਇਸ ਫ਼ੈਸਲੇ ਦਾ ਸਵਾਗਤ ਕਰ ਰਹੀਆਂ ਹਨ, ਜੋਕਿ ਸਰਾਸਰ ਝੂਠ ਹੈ।

ਆਂਗਣਵਾੜੀ ਵਰਕਰਾਂ ਦੀ ਵੀਡੀਓ ਦਾ ਦਿੱਤਾ ਹਵਾਲਾ
ਸੁਖਪਾਲ ਖਹਿਰਾ ਨੇ ਮੌੜ ਹਲਕੇ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਆਂਗਣਵਾੜੀ ਵਰਕਰ ਮੂਰਤੀ ਕੌਰ ਅਤੇ ਹੋਰ ਸਹਾਇਕਾਂ ਨੂੰ ਗੁਲਾਬੀ ਸੂਟ ‘ਚ ਨੱਚਦੇ ਹੋਏ ਵਿਖਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਇਹ ਮਹਿਲਾਵਾਂ ‘ਆਪ’ ਪੰਜਾਬ ਦੀਆਂ ਵਾਲੰਟੀਅਰ ਹਨ ਅਤੇ ਉਨ੍ਹਾਂ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੀਤੇ ਗਏ 1000-1000 ਰੁਪਏ ਪ੍ਰਤੀ ਮਹੀਨਾ ਦੇ ਐਲਾਨ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਹਦਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ‘ਚ ਇਕ ਵਟਸਐਪ ਗਰੁੱਪ ਵਿਚ ਸੰਦੇਸ਼ ਭੇਜ ਕੇ ਇਹ ਜਸ਼ਨ ਮਨਾਉਣ ਲਈ ਕਿਹਾ ਗਿਆ ਸੀ।
ਵਟਸਐਪ ਮੈਸੇਜ ਰਾਹੀਂ ਭੀੜ ਇਕੱਠੀ ਕਰਨ ਦਾ ਦਾਅਵਾ
ਸੁਖਪਾਲ ਖਹਿਰਾ ਨੇ ਇਕ ਹੋਰ ਸਬੂਤ ਵਜੋਂ ਵਿਧਾਇਕ ਬਲਕਾਰ ਸਿੱਧੂ ਦੁਆਰਾ ਜਾਰੀ ਇਕ ਕਥਿਤ ਵਟਸਐਪ ਸੰਦੇਸ਼ ਦਾ ਜ਼ਿਕਰ ਕੀਤਾ ਹੈ। ਇਸ ਸੰਦੇਸ਼ ਵਿੱਚ ਮਹਿਲਾ ਸਰਪੰਚਾਂ, ਪੰਚਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨੂੰ ਬਜਟ ਸੈਸ਼ਨ ਦੀ ਲਾਈਵ ਸਕ੍ਰੀਨਿੰਗ ਵੇਖਣ ਲਈ ਇਕ ਖਾਸ ਥਾਂ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਸਨ। ਕਾਂਗਰਸ ਪਾਰਟੀ ਅਤੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਇਹ ਸਭ ਕੁਝ ਪਹਿਲਾਂ ਤੋਂ ਮਿੱਥ ਕੇ ਆਪਣੇ ਕੈਡਰ ਰਾਹੀਂ ਕਰਵਾਇਆ ਹੈ। ਉਨ੍ਹਾਂ ਮੁਤਾਬਕ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਹਿਲਾਵਾਂ ‘ਚ ਭਾਰੀ ਉਤਸ਼ਾਹ ਹੈ ਪਰ ਅਸਲ ਵਿੱਚ ਇਹ ਜਸ਼ਨ ਪੂਰੀ ਤਰ੍ਹਾਂ ਸਰਕਾਰ ਦੁਆਰਾ ਆਰਕੈਸਟਰੇਟ (Orchestrated) ਕੀਤੇ ਗਏ ਹਨ।
