ਸੀ.ਬੀ.ਐਸ.ਈ ਦੁਆਰਾ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾਫੂਲ ਵਿੱਚ ਅਧਿਆਪਕਾਂ ਦੇ ਪੜਾਉਣ ਦੇ ਹੁਨਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਲੜੀ ਆਯੋਜਿਤ ਕੀਤੀ ਗਈ। ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਨੂੰ ਵੱਖ-ਵੱਖ ਆਧੁਨਿਕ ਸਿੱਖਣ ਵਿਧੀਆਂ ਅਤੇ ਨਵੀਆਂ ਸਿੱਖਿਆ ਨੀਤੀਆਂ ਨਾਲ ਜਾਣੂ ਕਰਵਾਇਆ ਗਿਆ।
ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸਮੁੱਚੇ ਵਿਕਾਸ ਲਈ ਸਸ਼ਕਤ ਬਣਾਉਣਾ, ਸਿੱਖਣ ਦੇ ਨਤੀਜੇ ਅਤੇ ਪੈਡਾਗੌਜੀ, ਸਮਾਵੇਸ਼ੀ ਕਲਾਸਰੂਮ ਪ੍ਰਬੰਧਨ, ਬੁਨਿਆਦੀ ਸਾਖਰਤਾ ਅਤੇ ਅੰਕਗਣਿਤ, ਯੋਗਤਾ-ਅਧਾਰਿਤ ਮੁਲਾਂਕਣ ਅਤੇ ਐਚਪੀਸੀ (ਸਮੁੱਚਾ ਪ੍ਰਗਤੀ ਕਾਰਡ) ਬਾਰੇ ਟ੍ਰੇਨਿੰਗ, ਸਮਾਜਿਕ-ਭਾਵਨਾਤਮਕ ਸਿੱਖਿਆ, ਕਲਾਸਾਂ ਵਿੱਚ ਏਆਈ (ਕ੍ਰਿਤ੍ਰਿਮ ਬੁੱਧੀਮਤਾ) ਦੇ ਉਪਯੋਗ ਵਰਗੇ ਮਹੱਤਵਪੂਰਨ ਵਿਸ਼ਿਆਂ ਨਾਲ ਜਾਣੂ ਕਰਵਾਇਆ ਗਿਆ ਅਤੇ ਇਸਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਸਿਖਾਏ ਗਏ।
ਮਾਹਿਰ ਸਿੱਖਿਅਕਾਂ ਦੁਆਰਾ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਕਲਾਸ ਵਿੱਚ ਹਰ ਵਿਦਿਆਰਥੀ ਦੀ ਯੋਗਤਾ ਅਤੇ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭਾਵਸ਼ਾਲੀ ਅਤੇ ਕਿਰਿਆਸ਼ੀਲ ਅਧਾਰਿਤ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਆਰਟੀਫੀਸ਼ਲ ਇੰਟੈਲੀਜੈਂਸ ਦੇ ਉਪਯੋਗ ਨਾਲ ਪੜ੍ਹਾਈ ਨੂੰ ਹੋਰ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਤਰੀਕੇ ਵੀ ਸਾਂਝੇ ਕੀਤੇ ਗਏ।
ਟ੍ਰੇਨਿੰਗ ਨੂੰ ਹੋਰ ਲਾਭਕਾਰੀ ਬਣਾਉਣ ਲਈ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਅਨੁਸਾਰ, ਰਾਸ਼ਟਰੀ ਪਾਠਕ੍ਰਮ ਢਾਂਚਾ (NCF) 2023 ਦੇ ਤਹਿਤ 3–18 ਸਾਲ ਦੇ ਵਿਦਿਆਰਥੀਆਂ ਲਈ ਸਿੱਖਿਆ ਨੂੰ ਸਮਾਵੇਸ਼ੀ, ਸਮੁੱਚੀ ਅਤੇ ਹੁਨਰ-ਅਧਾਰਿਤ ਬਣਾਉਣ, ਰੱਟਾ ਲਗਾਉਣ ਦੀ ਬਜਾਇ ਸਮਝ ਨੂੰ ਵਧਾਉਣ, ਬਹੁਭਾਸ਼ਿਕਤਾ ਅਤੇ 21ਵੀਂ ਸਦੀ ਦੇ ਹੁਨਰਾਂ ਨਾਲ ਸੰਬੰਧਿਤ ਦਿਸ਼ਾ-ਨਿਰਦੇਸ਼ਾਂ ਨਾਲ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ।
ਸਕੂਲ ਦੇ ਚੇਅਰਮੈਨ ਇੰਜੀਨੀਅਰ ਸ਼੍ਰੀ ਕਮਲੇਸ਼ ਸਰਾਫ਼ ਜੀ ਨੇ ਕਿਹਾ ਕਿ ਅਜਿਹੇ ਟ੍ਰੇਨਿੰਗ ਪ੍ਰੋਗਰਾਮਾਂ ਦਾ ਉਦੇਸ਼ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਨ ਦੇ ਯੋਗ ਬਣਾਉਣਾ ਹੈ, ਤਾਂ ਜੋ ਵਿਦਿਆਰਥੀਆਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਸ ਟ੍ਰੇਨਿੰਗ ਨੂੰ ਬਹੁਤ ਹੀ ਲਾਭਕਾਰੀ ਦੱਸਦਿਆਂ ਕਿਹਾ ਕਿ ਇਸ ਨਾਲ ਅਧਿਆਪਕਾਂ ਦੇ ਸਿੱਖਣ ਦੇ ਹੁਨਰ ਹੋਰ ਪ੍ਰਭਾਵਸ਼ਾਲੀ ਬਣਨਗੇ ਅਤੇ ਉਹ ਵਿਦਿਆਰਥੀਆਂ ਨੂੰ ਬਿਹਤਰ ਮਾਰਗਦਰਸ਼ਨ ਦੇ ਸਕਣਗੇ।

