
- ਨਵੀਆਂ ਸ਼ਰਤਾਂ ‘ਤੇ ਭਖੀ ਸਿਆਸਤ
ਚੰਡੀਗੜ੍ਹ, 20 ਅਪ੍ਰੈਲ-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਤਹਿਤ ਜਨਰਲ ਵਰਗ ਤੋਂ ਪੂਰੇ ਬਿੱਲ ਦੀ ਵਸੂਲੀ ‘ਤੇ ਘਿਰੀ ਸਰਕਾਰ ਬੈਕ ਫੁੱਟ ‘ਤੇ ਆ ਗਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਸਰਕਾਰ ਦਾ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਮੁਫ਼ਤ ਬਿਜਲੀ ਯੋਜਨਾ ਵਿਚਲੀਆਂ ਸ਼ਰਤਾਂ ਵਿਚ ਤਬਦੀਲੀ ਦੇ ਸੰਕੇਤ ਦੇ ਦਿੱਤੇ ਹਨ ਤੇ ਇਸ ਮੁੱਦੇ ‘ਤੇ ਸਿਆਸਤ ਭਖ ਚੁੱਕੀ ਹੈ। ਹਾਲਾਂਕਿ ਬਿਜਲੀ ਮੰਤਰੀ ਦੀ ਇਸ ਸੰਬੰਧੀ ਵੀਡੀਓ ਜਾਰੀ ਹੋਣ ਮਗਰੋਂ ਇਸ ਗੱਲ ਦੀ ਚਰਚਾ ਵੀ ਰਹੀ ਕਿ ਮੰਤਰੀ ਵਲੋਂ ਆਪਣਾ ਬਿਆਨ ਵਾਪਸ ਲੈ ਲਿਆ ਗਿਆ ਹੈ ਪਰ ਇਸ ਸੰਬੰਧੀ ਸਰਕਾਰੀ ਅਤੇ ਅਧਿਕਾਰਤ ਤੌਰ ‘ਤੇ ਮੀਡੀਆ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਜਦਕਿ ਮੰਤਰੀ ਦਾ ਉਕਤ ਵੀਡੀਓ ਬਿਆਨ ਵੱਖ-ਵੱਖ ਸੋਸ਼ਲ ਮੀਡੀਆ ਅਤੇ ਹੋਰ ਜਨ ਸੰਪਰਕ ਸਾਧਨਾਂ ‘ਤੇ ਵਾਇਰਲ ਹੋਇਆ ਹੈ। ਬਿਜਲੀ ਮੰਤਰੀ ਵਲੋਂ ਦਿੱਤੇ ਤਾਜ਼ਾ ਬਿਆਨ ਅਨੁਸਾਰ ਇਕ ਕਿੱਲੋਵਾਟ ਲੋਡ ਵਾਲੇ ਬੀ.ਪੀ.ਐਲ ਪਰਿਵਾਰਾਂ ਨੂੰ ਛੱਡ ਕੇ ਆਮਦਨ ਕਰ ਦੇਣ ਵਾਲੇ ਐਸ.ਸੀ/.ਬੀ.ਸੀ ਪਰਿਵਾਰਾਂ ‘ਤੇ ਵੀ ਜਨਰਲ ਵਰਗ ਵਾਲਾ ਨਿਯਮ ਲਾਗੂ ਹੋਵੇਗਾ, ਜਿਸ ਤਹਿਤ 2 ਮਹੀਨੇ ਦੇ ਬਿੱਲ ‘ਚ 600 ਯੂਨਿਟ ਤੋਂ ਵੱਧ ਦੀ ਖ਼ਪਤ ‘ਤੇ ਪੂਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਇਕ ਕਿੱਲੋਵਾਟ ਤੱਕ ਬਿਜਲੀ ਕੁਨੈਕਸ਼ਨ ਵਾਲੇ ਬੀ.ਪੀ.ਐਲ. ਪਰਿਵਾਰਾਂ ਨੂੰ ਇਕ ਮਹੀਨੇ ਲਈ 300 ਯੂਨਿਟ ਤੇ 2 ਮਹੀਨੇ ਲਈ 600 ਯੂਨਿਟ ਬਿਜਲੀ ਮੁਆਫ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਅਤੇ ਤਿੰਨ ਕਿੱਲੋਵਾਟ ਲੋਡ ਵਾਲੇ ਐਸ.ਸੀ/ਬੀ.ਸੀ. ਖਪਤਕਾਰਾਂ ‘ਤੇ ਵੀ ਜਨਰਲ ਵਰਗ ਵਾਲਾ ਨਿਯਮ ਹੀ ਲਾਗੂ ਹੋਵੇਗਾ। ਜਿਸ ਅਨੁਸਾਰ ਐਸ.ਸੀ/ਬੀ.ਸੀ. ਵਰਗ ਨੂੰ ਵੀ ਦੋ ਮਹੀਨੇ ਦੌਰਾਨ 600 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਜੇਕਰ ਬਿਜਲੀ ਦੀ ਖ਼ਪਤ ਹੁੰਦੀ ਹੈ ਤਾਂ ਸਾਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਆਮਦਨ ਕਰ ਭਰਨ ਵਾਲੇ ਅਨੁਸੂਚਿਤ ਜਾਤੀ ਤੇ ਪਛੜੇ ਵਰਗ ਦੇ ਖਪਤਕਾਰਾਂ ‘ਤੇ ਜਨਰਲ ਵਰਗ ਵਾਲੀਆਂ ਸ਼ਰਤਾਂ ਹੀ ਲਾਗੂ ਹੋਣਗੀਆਂ। ਆਮਦਨ ਕਰ ਭਰਨ ਵਾਲੇ ਇਨ੍ਹਾਂ ਵਰਗਾਂ ਨੂੰ 600 ਯੂਨਿਟ ਤੋਂ ਵੱਧ ਬਿਜਲੀ ਖ਼ਪਤ ‘ਤੇ ਪੂਰਾ ਬਿੱਲ ਭਰਨਾ ਹੋਵੇਗਾ। ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਇਕ ਕਿੱਲੋਵਾਟ ਲੋਡ ਵਾਲੇ ਐਸ.ਸੀ. ਅਤੇ ਬੀ.ਪੀ.ਐਲ. ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ ਹੁਣ 300 ਯੂਨਿਟ ਕਰ ਦਿੱਤਾ ਗਿਆ ਹੈ। ਬਿਜਲੀ ਮੰਤਰੀ ਨੇ ਬਿਜਲੀ ਸੰਕਟ ਬਾਰੇ ਉੱਠ ਰਹੇ ਸਵਾਲਾਂ ਬਾਰੇ ਕਿਹਾ ਕਿ ਪੰਜਾਬ ‘ਚ ਬਿਜਲੀ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਕਾਲੋਨੀਆਂ ‘ਚ ਲੱਗੇ ਬਿਜਲੀ ਦੇ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੰਬੰਧਿਤ ਕਲੋਨਾਈਜ਼ਰਾਂ ਖ਼ਿਲਾਫ਼ ਸੰਬੰਧਿਤ ਕਾਰਵਾਈ ਕੀਤੀ ਜਾਵੇਗੀ ਪਰ ਇਥੇ ਰਹਿੰਦੇ ਲੋਕਾਂ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ।
ਹੁਣ ਨਵੀਆਂ ਸ਼ਰਤਾਂ ਕਿਉਂ ਲਾਈਆਂ ਜਾ ਰਹੀਆਂ ਹਨ-ਵੇਰਕਾ
ਕਾਂਗਰਸ ਦੇ ਸੀਨੀਅਰ ਨੇਤਾ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੀ ਇਹ ਕੋਈ ਡਰਾਮਾ ਹੋ ਰਿਹਾ ਹੈ? ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਮੀਡੀਆ ‘ਚ ਰੌਲਾ ਪਾਇਆ ਹੋਇਆ ਹੈ ਕਿ ਪੰਜਾਬ ‘ਚ 300 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ ਗਈ ਹੈ ਪਰ ਹੁਣ ਚੋਣਾਂ ਜਿੱਤਣ ਮਗਰੋਂ ਨਵੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ, ਜੋ ਲੋਕਾਂ ਨਾਲ ਧੋਖਾ ਹੈ।
ਮੁਫ਼ਤ ਬਿਜਲੀ ਦੇ ਨਾਂਅ ‘ਤੇ ਸਰਕਾਰ ਕਰ ਰਹੀ ਹੈ ਧੋਖਾ-ਭਾਜਪਾ
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁਫ਼ਤ ਬਿਜਲੀ ਦੇ ਨਾਂਅ ‘ਤੇ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪਹਿਲਾਂ ਜਨਰਲ ਵਰਗ ਤੇ ਹੁਣ ਐਸ.ਸੀ. ਵਰਗ ਨਾਲ ਧੋਖਾ ਕੀਤਾ ਜਾ ਰਿਹਾ ਹੈ। ਨਵੀਆਂ ਸ਼ਰਤਾਂ ਜੋੜ ਕੇ ਮੁਫ਼ਤ ਬਿਜਲੀ ਦੇ ਨਾਂਅ ‘ਤੇ ਧੋਖਾਧੜੀ ਹੋ ਰਹੀ ਹੈ।
ਸਰਕਾਰ ‘ਚ ਖੱਬੇ ਹੱਥ ਨੂੰ ਨਹੀਂ ਪਤਾ, ਸੱਜਾ ਕੀ ਕਰ ਰਿਹੈ-ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 300 ਯੂਨਿਟ ਬਿਜਲੀ ਮੁਫ਼ਤ ਮਿਲਣ ਨੂੰ ਲੈ ਕੇ ਕਾਫ਼ੀ ਭੰਬਲਭੂਸਾ ਬਣਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ 2 ਕਿੱਲੋਵਾਟ ਤੋਂ ਘੱਟ ਬਿਜਲੀ ਵਾਲੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਹੁਣ ਬਿਜਲੀ ਮੰਤਰੀ ਕਹਿ ਰਹੇ ਹਨ ਕਿ ਸਿਰਫ਼ 1 ਕਿੱਲੋਵਾਟ ਤੱਕ ਦੇ ਖਪਤਕਾਰਾਂ ਨੂੰ ਹੀ ਇਹ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖੱਬੇ ਹੱਥ ਨੂੰ ਨਹੀਂ ਪਤਾ ਕਿ ਸੱਜਾ ਹੱਥ ਕੀ ਕਰ ਰਿਹਾ ਹੈ।
ਜਨਰਲ ਵਰਗ ਨਾਲ ਕੋਈ ਭੇਦਭਾਵ ਨਹੀਂ-ਬਿਜਲੀ ਮੰਤਰੀ
ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਵਲੋਂ ਜਨਰਲ ਵਰਗ ਨਾਲ ਕੋਈ ਭੇਦਭਾਵ ਨਹੀਂ ਕੀਤਾ ਗਿਆ, ਸਗੋਂ ਪਿਛਲੀਆਂ ਸਰਕਾਰਾਂ ਨੇ ਇਸ ਵਰਗ ਨਾਲ ਹਮੇਸ਼ਾ ਧੋਖਾ ਕੀਤਾ ਹੈ, ਜਦ ਕਿ ਭਗਵੰਤ ਮਾਨ ਸਰਕਾਰ ਨੇ ਜਨਰਲ ਵਰਗ ਨੂੰ ਵੀ 600 ਯੂਨਿਟਾਂ ਮੁਫ਼ਤ ਦਿੱਤੀਆਂ ਹਨ।