
ਰਾਮਪੁਰਾ ਫੂਲ(ਰਮਨਪ੍ਰੀਤ ਔਲਖ):- ਬਠਿੰਡਾ ਪੁਲਿਸ ਨੇ ਬਠਿੰਡਾ ਜਿਲ੍ਹੇ ਦੇ ਰਾਮਪੂਰਾ ਫੂਲ ਹਲਕੇ ਦੇ ਪਿੰਡ ਰਾਮਪੁਰਾ ਵਿਖੇ ਹੈਵਾਨ ਬਣੇ ਪਿਤਾ ਵੱਲੋਂ ਆਪਣੀ 8 ਸਾਲਾਂ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਸੂਮ ਬੱਚੀ ਦੀ ਦਰਿੰਦਿਆਂ ਵਾਂਗ ਕੀਤੀ ਜਾ ਰਹੀ ਕੁੱਟਮਾਰ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਦੇ ਅਧਾਰ ਤੇ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਮਪੁਰਾ ਨੂੰ ਸੈਕਸ਼ਨ-75 ਜੁਵਾਨਿਲ ਜਸਟਿਸ ਐਕਟ-15 ਤਹਿਤ ਦੋਸ਼ੀ ਵਜੋਂ ਨਾਮਜਦ ਕੀਤਾ ਹੈ।
ਰਾਮਪੁਰਾ ਦੇ ਇਸ ਹੈਵਾਨ ਪਿਤਾ ਦੀ ਹੈਵਾਨੀਅਤ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਹੁਣ ਵੀ ਵਾਇਰਲ ਹੋ ਰਹੀਆਂ ਹਨ। ਵੀਡੀਓ ਵਿਚ ਮੁਲਜਮ ਪਿਤਾ ਆਪਣੀ ਅੱਠ ਸਾਲ ਦੀ ਬੱਚੀ ਦੇ ਗਲ ਵਿੱਚ ਕੱਪੜਾ ਪਾ ਕੇ ਜ਼ਮੀਨ ’ਤੇ ਘੜੀਸਦਾ ਨਜ਼ਰ ਆ ਰਿਹਾ ਹੈ। ਜਦੋਂ ਇਸ ਜ਼ਾਲਮ ਪਿਤਾ ਦਾ ਬੇਰਹਿਹਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਵੀ ਦਿਲ ਨਾ ਭਰਿਆ ਤਾਂ ਮਾਸੂਮ ਨੂੰ ਥੱਪੜਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਉਸ ਤੋਂ ਬਾਅਦ ਡੰਡੇ ਦੇ ਨਾਲ ਵੀ ਬੱਚੀ ਦੀ ਕੁੱਟਮਾਰ ਵੀ ਕੀਤੀ ਅਤੇ ਬੱਚੀ ਪੂਰੀ ਤਰਾਂ ਡਰੀ ਹੋਈ ਨਜ਼ਰੀਂ ਪੈ ਰਹੀ ਹੈ।
ਵੀਡੀਓ ਨੂੰ ਗਹੁ ਨਾਲ ਦੇਖੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਪਿੱਤਾ ਵੱਲੋਂ ਕੁੱਟਮਾਰ ਕਰਨ ਦੇ ਨਾਲ ਉਸ ਦਾ ਗਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਾਰੇ ਘਟਨਾਕ੍ਰਮ ਦੀ ਕੋਈ ਵਿਅਕਤੀ ਹੱਸਦਾ ਹੋਇਆ ਵੀਡੀਓ ਵੀ ਬਣਾਉਂਦਾ ਹੈ ਜਿਸ ਵੱਲੋਂ ਬਾਅਦ ’ਚ ਉਸ ਹੈਵਾਨ ਪਿਤਾ ਨੂੰ ਰੋਕਣ ਬਾਰੇ ਵੀ ਕਿਹਾ ਜਾਂਦ ਹੈ। ਇਸ ਦੇ ਬਾਵਜੂਦ ਉਹ ਰੁਕਦਾ ਨਹੀਂ ਅਤੇ ਬੱਚੀ ਨੂੰ ਕੁੱਟਦਾ ਰਹਿੰਦਾ ਹੈ। ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਨਿਰਮਲ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਹੈ ਕਿ ਉਹ ਦੋ ਮਹੀਨੇ ਪਹਿਲਾਂ ਘਰੋਂ ਲੜਾਈ ਕਰਕੇ ਪਤੀ ਨੂੰ ਛੱਡ ਕੇ ਚਲੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਕਿਸੇ ਗੈਰ ਔਰਤ ਨੂੰ ਆਪਣੇ ਘਰ ਵਿੱਚ ਰੱਖ ਲਿਆ।
ਥਾਣਾ ਸਿਟੀ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਰਾਜਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦੂਸਰੀ ਔਰਤ ਘਰ ’ਚ ਆਉਣ ਤੋਂ ਬਾਅਦ ਉਸ ਨੇ ਆਪਣੀ ਧੀ ਦੇ ਦੀ ਵਹਿਸ਼ੀਆਂ ਵਾਂਗ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਇਹ ਵੀਡੀਓ ਬੱਚੀ ਦੀ ਮਾਂ ਨੇ ਦੇਖੀ ਤਾਂ ਉਸ ਨੇ ਇਹ ਪੂਰਾ ਮਾਮਲਾ ਪੁਲਿਸ ਦੇ ਧਿਆਨ ਲਿਆਂਦਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਮੁਲਜਮ ਨਿਰਮਲ ਸਿੰਘ ਨੂੰ ਗਿ੍ਰਫਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈੈ।
ਨਿਰਮਲ ਸਿੰਘ ਨੂੰ ਆਮ ਲੋਕਾਂ ਵੱਲੋਂ ਕੁਟਾਪਾ
ਆਪਣੀ ਮਾਸੂਮ ਬੱਚੀ ਨੂੰ ਵਹਿਸ਼ੀਆਨਾ ਕੁੱਟਮਾਰ ਕਰਨ ਵਾਲੇ ਮੁਲਜਮ ਨਿਰਮਲ ਸਿੰਘ ਨੂੰ ਆਮ ਲੋਕਾਂ ਵੱਲੋਂ ਜੰਮ ਕੇ ਕੁਟਾਪਾ ਚਾੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ’ ਚ ਸੋਸ਼ਲ ਮੀਡੀਆ ਤੇ ਇੱਕ ਵੱਖਰੀ ਵੀਡੀਓ ਵਾਇਰਲ ਹੋਈ ਹੈ ਜੋ ਉਸ ਨੂੰ ਪੁਲਿਸ ਹਵਾਲੇ ਕਰਨ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ ਜਿਸ ’ਚ ਕਈ ਨੌਜਵਾਨ ਨਿਰਮਲ ਸਿੰਘ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ ਮੁਲਜਮ ਇੱਕ ਟਰੈਕਟਰ ਤੇ ਖੇਤ ’ਚ ਹਲ ਚਲਾ ਰਿਹਾ ਹੁੰਦਾ ਹੈ ਤਾਂ ਇੱਕ ਦਰਜਨ ਦੇ ਕਰੀਬ ਨੌਜਵਾਨ ਉਸ ਨੂੰ ਟਰੈਕਟਰ ਤੋਂ ਘੜੀਸ ਕੇ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੰਦੇ ਹਨ। ਇਸੇ ਦੌਰਾਨ ਉਸ ਨੂੰ ਖੇਤ ’ਚ ਘੜੀਸਿਆ ਵੀ ਜਾਂਦਾ ਹੈ। ਕੁੱਟਮਾਰ ਦੌਰਾਨ ਉਹ ਰੋਣ ਲੱਗਦਾ ਹੈ ਅਤੇ ਆਪਣੀ ਗਲ੍ਹਤੀ ਵੀ ਮੰਨਦਾ ਹੈ। ਇਸ ਦੇ ਬਾਵਜੂਦ ਵੀ ਉਸਦੀ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਮਾਰ ਜਾਰੀ ਰਹਿੰਦੀ ਹੈ। ਨੌਜਵਾਨ ਬੱਚੀ ਤੇ ਕੀਤੇ ਜੁਲਮ ਦੀ ਗੱਲ ਵੀ ਕਰਦੇ ਹਨ।