
ਬਲਾਚੌਰ 05 ਮਈ (ਜਤਿੰਦਰ ਪਾਲ ਸਿੰਘ ਕਲੇਰ ) ਸੱਨਅਤੀ ਖੇਤਰ ਟੌਂਸਾ ਅਧੀਨ ਪੈਂਦੀ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ‘ਚ ਅੱਜ ਕੈਮੀਕਲ ਦੇ ਇਕ ਟੈਂਕ ਵਿਚ ਜ਼ਬਰਦਸਤ ਧਮਾਕੇ ਤੋਂ ਬਾਅਦ ਢੱਕਣ ਫਟ ਕੇ ਨਾਲ ਲੱਗਦੀ ਦੂਰ ਖੇਤਾਂ ਵਿੱਚ ਜਾ ਡਿੱਗਿਆ ਲੇਕਿਨ ਇਸ ਹਾਦਸੇ ਵਿੱਚ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ।
ਕਥਿਤ ਜਾਣਕਾਰੀ ਮੁਤਾਬਿਕ ਦਵਾਈਆਂ ਦੀ ਉਕਤ ਫੈਕਟਰੀ ਵਿੱਚ ਡੇਢ ਵਜੇ ਦੇ ਕਰੀਬ ਇੱਕ ਲੀਕਵਿਡ ਕੈਮੀਕਲ ਦੇ ਖਾਲੀ ਟੈਂਕ ਵਿਚ ਜ਼ਬਰਦਸਤ ਧਮਾਕਾ ਹੋਇਆ ਜੋ ਦੂਰ ਦੂਰ ਤੱਕ ਸੁਣਾਈ ਦਿੱਤਾ ਦਾ ਹੈਵੀ ਵੇਟ ਲੋਹੇ ਦਾ ਢੱਕਣ ਤੇ ਕੁਝ ਹੋਰ ਸਾਮਾਨ ਬਹੁਤ ਤੇਜ਼ੀ ਨਾਲ ਉੱਡਦਾ ਹੋਇਆ ਨਾਲ ਲਗਦੇ ਖੇਤਾਂ ਵਿੱਚ ਜਾ ਕੇ ਡਿੱਗਿਆ । ਲੋਕਾਂ ਨੇ ਦੱਸਿਆ ਕਿ ਹਨੇਰੀ ਵਾਂਗ ਆਏ ਇਸ ਲੋਹੇ ਦੇ ਢੱਕਣ ਤੇ ਸਾਮਾਨ ਨੂੰ ਦੇਖ ਕੇ ਉਹ ਘਬਰਾ ਗਏ ਲੇਕਿਨ ਖੁਸ਼ਕਿਸਮਤੀ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਇਹ ਹਾਦਸਾ ਡੇਢ ਵਜੇ ਦੇ ਕਰੀਬ ਵਾਪਰਿਆ ਅਤੇ ਉਸ ਸਮੇਂ ਵਰਕਰਾਂ ਦਾ ਲੰਚ ਟਾਈਮ ਸੀ ਜਦਕਿ ਉਕਤ ਟੈਂਕ ਵੀ ਖਾਲੀ ਸੀ ਅਤੇ ਉਸ ਵਿੱਚ ਕਿਸੇ ਕਿਸਮ ਦਾ ਮਟੀਰੀਅਲ ਨਹੀਂ ਸੀ, ਜੇਕਰ ਮਟੀਰੀਅਲ ਹੁੰਦਾ ਤਾਂ ਅੰਦਾਜ਼ਾ ਨਾ ਲਾਇਆ ਜਾਣ ਵਾਲਾ ਨੁਕਸਾਨ ਹੋ ਸਕਦਾ ਸੀ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਸ ਸਬੰਧੀ ਕੰਪਨੀ ਨੇ ਨਾ ਤਾਂ ਕੋਈ ਚਿਤਾਵਨੀ ਦਿਤੀ ਅਤੇ ਨਾ ਹੀ ਹੂਟਰ ਵਜਾਇਆ ਗਿਆ ਕਿਉਂ ਕਿ ਜੇਕਰ ਅਜਿਹੀ ਸਥਿਤੀ ਵਿੱਚ ਹੂਟਰ ਵਜਾਇਆ ਜਾਵੇ ਤਾਂ ਵਰਕਰ ਚੁਕੰਨੇ ਹੋ ਜਾਂਦੇ ਹਨ ।
ਉਕਤ ਹਾਦਸੇ ਉਪਰੰਤ ਖੇਤਾਂ ਵਿੱਚ ਡਿੱਗੇ ਟੈਂਕ ਦੇ ਹੈਵੀ ਢੱਕਣ ਤੇ ਦੂਜੇ ਮਟੀਰੀਅਲ ਨੂੰ ਦੇਖਣ ਪਹੁੰਚੇ ਮੀਡੀਆ ਕਰਮੀ ਨੇ ਜਦੋਂ ਫੈਕਟਰੀ ਦੇ ਇਕ ਅਧਿਕਾਰੀ ਤੋਂ ਹਾਦਸੇ ਦੀ ਜਾਣਕਾਰੀ ਲੈਣ ਲਈ ਫੋਨ ਕੀਤਾ ਤਾਂ ਅਧਿਕਾਰੀ ਨੇ ਆਪਣਾ ਨਾਂ ਅਤੇ ਅਹੁਦਾ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਾਦਸਾ ਜ਼ਰੂਰ ਵਾਪਰਿਆ ਹੈ ਪ੍ਰੰਤੂ ਇਸ ਨਾਲ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।
ਜ਼ਿਕਰਯੋਗ ਹੈ ਕਿ ਰਿਹਾਇਸ਼ੀ ਖੇਤਰਾਂ ਦੇ ਨਜ਼ਦੀਕ ਲੱਗੀਆਂ ਰਿਸਕੀ ਫੈਕਟਰੀਆਂ ਕਦੇ ਵੀ ਲੋਕਾਂ ਲਈ ਜਾਨ ਲੇਵਾ ਹੋ ਸਕਦੀਆਂ ਹਨ ਜਿਸ ਵੱਲ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ।
