
ਰਾਮਪੁਰਾ ਫੂਲ (ਜਸਵੀਰ ਔਲਖ)– ਵਿਸ਼ਵ ਪ੍ਰਸਿੱਧ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਨਾਲ ਦੂਨ ਪਬਲਿਕ ਸਕੂਲ, ਕਰਾੜਵਾਲਾ, ਬਠਿੰਡਾ ਵਿਖੇ ਕੈਂਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ ਮਿਤੀ 3 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਪੰਜਾਬ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਇਹ ਕੈਂਪ ਦੂਨ ਪਬਲਿਕ ਸਕੂਲ, ਕਰਾੜਵਾਲਾ ਦੀ ਚੇਅਰਪਰਸਨ ਡਾ. ਚਰਨਜੀਤ ਕੌਰ ਵੱਲੋਂ ਡਾ. ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅਬੈਂਸਡਰ ਆਫ ਵਰਲਡ ਕੈਂਸਰ ਕੇਅਰ ਜੀ ਦੀ ਸਰਪ੍ਰਸਤੀ ਹੇਠ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਡਾ. ਧਾਲੀਵਾਲ ਦੀ ਸਾਰੀ ਟੀਮ ਪਹੁੰਚੇਗੀ ਅਤੇ ਡਾ. ਧਾਲੀਵਾਲ ਵੱਲੋਂ ਵੀ ਇਸ ਕੈਂਪ ਵਿੱਚ ਸ਼ਿਰਕਤ ਕਰਨ ਦੀ ਉਮੀਦ ਹੈ। ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਕੌਰ ਜੀ ਨੇ ਦੱਸਿਆ ਕਿ ਕੈਂਸਰ ਨਾਮ ਦੀ ਭਿਆਨਕ ਬਿਮਾਰੀ ਦਾ ਇੱਕੋ ਹੀ ਹੱਲ ਹੈ ਕਿ ਜੇਕਰ ਇਸ ਨੂੰ ਮੁੱਢਲੀ ਸਟੇਜ ਉੱਪਰ ਲੱਭ ਲਿਆ ਜਾਵੇ। ਇਹ ਕੈਂਪ ਤੰਦਰੁਸਤ ਲੋਕਾਂ ਲਈ ਹੈ ਤਾਂ ਜੋ ਉਹ ਅਤਿ ਆਧੁਨਿਕ ਮਸ਼ੀਨਾਂ ਰਾਹੀਂ ਆਪਣੇ ਮੈਡੀਕਲ ਟੈਸਟ ਕਰਵਾ ਸਕਣ। ਉਹਨਾਂ ਨੇ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਦੀਆਂ ਪਹੁੰਚ ਰਹੀਆਂ ਬੱਸਾਂ ਵਿੱਚ ਮਾਹਿਰ ਡਾਕਟਰ ਅਤੇ ਅਤਿ ਆਧੁਨਿਕ ਉਪਕਰਨ ਮੌਜੂਦ ਹੋਣਗੇ। ਕੈਂਪ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ ਪੈਪ ਸਮੀਅਰ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ. ਟੈਸਟ, ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਔਰਤਾਂ ਦੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ, ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਸਹੀ ਸਲਾਹ ਅਤੇ ਆਮ ਬਿਮਾਰੀਆਂ ਸਬੰਧੀ ਸਿਹਤ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਵਿੱਚ ਟੈਸਟ ਕਰਵਾਉਣ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਾ ਹੈ।
