
ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤ ਵਿਚ ਲਗਾਤਾਰ ਦੂਜੇ ਦਿਨ ਕੋਵਿਡ-19 ਦੇ 6 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਸੋਮਵਾਰ ਨੂੰ 24 ਘੰਟਿਆਂ ਵਿਚ ਕੋਰੋਨਾ ਦੇ 5880 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਐਕਟਿਵ ਕੇਸ 35 ਹਜ਼ਾਰ ਨੂੰ ਪਾਰ ਕਰ ਗਏ ਹਨ। ਐਤਵਾਰ ਨੂੰ ਕੋਰੋਨਾ ਦੇ 5357 ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਨਾਲ 14 ਲੋਕਾਂ ਦੀ ਮੌਤ
ਸਿਹਤ ਮੰਤਰਾਲੇ ਦੇ ਸਵੇਰੇ 8 ਵਜੇ ਤਕ ਦੇ ਅਪਡੇਟ ਕੀਤੇ ਅੰਕੜਿਆਂ ਅਨੁਸਾਰ 14 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,30,979 ਹੋ ਗਈ ਹੈ। ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿਚ ਚਾਰ-ਚਾਰ, ਕੇਰਲਾ ਵਿਚ ਦੋ, ਜਦੋਂਕਿ ਗੁਜਰਾਤ, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ ਅਤੇ ਰਾਜਸਥਾਨ ਵਿਚ ਇਕ-ਇਕ ਮੌਤ ਹੋਈ ਹੈ।
ਰੋਜ਼ਾਨਾ ਪਾਜ਼ੇਟਿਵ ਦਰ 6.91 ਪ੍ਰਤੀਸ਼ਤ ਦਰਜ ਕੀਤੀ ਗਈ ਸੀ, ਜਦੋਂ ਕਿ ਹਫ਼ਤਾਵਾਰੀ ਦਰ 3.67 ਪ੍ਰਤੀਸ਼ਤ ਸੀ। ਮੰਤਰਾਲੇ ਅਨੁਸਾਰ ਕੋਵਿਡ ਕੇਸਾਂ ਦੀ ਗਿਣਤੀ 4.47 ਕਰੋੜ (4,47,62,496) ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ ਕੁੱਲ ਸੰਕ੍ਰਮਿਤਾਂ ਦਾ 0.08 ਪ੍ਰਤੀਸ਼ਤ ਹੈ। ਕੋਰੋਨਾ ਤੋਂ ਠੀਕ ਹੋਣ ਦੀ ਦਰ 98.73 ਫੀਸਦੀ ਦਰਜ ਕੀਤੀ ਗਈ ਹੈ।
ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ। ਹੁਣ ਤਕ 4,41,96,318 ਲੋਕ ਠੀਕ ਹੋ ਚੁੱਕੇ ਹਨ। ਕੇਸਾਂ ਦੀ ਮੌਤ ਦਰ 1.19 ਫੀਸਦੀ ਦਰਜ ਕੀਤੀ ਗਈ ਹੈ। ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਵਿਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਅੱਜ ਤੇ ਭਲਕੇ ਕਰਵਾਈ ਜਾਵੇਗੀ ਮੌਕ ਡਰਿੱਲ
ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਹਸਪਤਾਲਾਂ ਵਿਚ ਤਿਆਰੀਆਂ ਦਾ ਜਾਇਜ਼ਾ ਲੈਣ ਲਈ 10 ਅਤੇ 11 ਅਪ੍ਰੈਲ ਨੂੰ ਦੇਸ਼ ਭਰ ਵਿਚ ਮੌਕ ਡਰਿੱਲ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਸਰਕਾਰੀ ਅਤੇ ਨਿੱਜੀ ਸਿਹਤ ਕੇਂਦਰ ਦੋਵੇਂ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ 10 ਅਪ੍ਰੈਲ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਝੱਜਰ ਦਾ ਦੌਰਾ ਕਰਨ ਲਈ ਮੌਕ ਡਰਿੱਲ ਦਾ ਮੁਆਇਨਾ ਕਰਨਗੇ।