
ਬਠਿੰਡਾ –ਬਠਿੰਡਾ ’ਚ ਵੱਖ-ਵੱਖ ਥਾਵਾਂ ’ਤੇ ਵਾਪਰੇ 2 ਹਾਦਸਿਆਂ ’ਚ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਸਹਾਰਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਪਿੰਡ ਕੋਟਸ਼ਮੀਰ ਨਜ਼ਦੀਕ ਇਕ ਬੈਗਨਰ ਕਾਰ ਨੂੰ ਕੋਈ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਵਿਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਰਾਹਤ ਕਾਰਜ ਸ਼ੁਰੂ ਕੀਤੇ, ਜਦਕਿ ਸਹਾਰਾ ਵਰਕਰ ਵੀ ਮੌਕੇ ’ਤੇ ਪਹੁੰਚੇ ਪਰ ਉਦੋਂ ਤੱਕ ਕਾਰ ’ਚ ਸਵਾਰ 3 ਲੋਕਾਂ ਦੀ ਮੌਤ ਹੋ ਚੁੱਕੀ ਸੀ।
ਚੌਕੀ ਕੋਟਸ਼ਮੀਰ ਪੁਲਸ ਦੀ ਦੇਖ-ਰੇਖ ਵਿਚ ਸੰਸਥਾ ਮੈਂਬਰਾਂ ਨੇ ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ । ਸੰਸਥਾ ਵਰਕਰਾਂ ਨੇ ਦੱਸਿਆ ਕਿ ਹਾਦਸਾ ਤੜਕਸਾਰ ਹੋਇਆ। ਮ੍ਰਿਤਕ ਕਾਰ ਸਵਾਰ ਲੋਕ ਤਲਵੰਡੀ ਸਾਬੋ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਮਹਿਮਾ ਸਰਕਾਰੀ ਜਾ ਰਹੇ ਸਨ ਅਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਬਲਜਿੰਦਰ ਸਿੰਘ (55) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਅਤੇ ਜਸਕਰਨ ਸਿੰਘ (50) ਪੁੱਤਰ ਅਜੈਬ ਸਿੰਘ ਵਾਸੀ ਮਹਿਮਾ ਸਰਕਾਰੀ ਵਜੋਂ ਹੋਈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਇਸੇ ਤਰ੍ਹਾਂ ਬਠਿੰਡਾ-ਮਲੋਟ ਰੋਡ ’ਤੇ ਕਾਲੀ ਮਾਤਾ ਮੰਦਰ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਦੂਸਰਾ ਵਾਲ-ਵਾਲ ਬਚ ਗਿਆ। ਸੂਚਨਾ ਮਿਲਣ ’ਤੇ ਸੰਸਥਾ ਮੈਂਬਰ ਅਤੇ ਥਾਣਾ ਥਰਮਲ ਪੁਲਸ ਮੌਕੇ ’ਤੇ ਪਹੁੰਚੇ। ਪੁਲਸ ਦੀ ਜਾਂਚ ਤੋਂ ਬਾਅਦ ਸੰਸਥਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖ਼ਤ ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
