
ਰਾਮਪੁਰਾ ਫੂਲ (ਜਸਵੀਰ ਔਲਖ) ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵੱਲੋਂ ਫੈਕਟਰੀ ਆਊਟਲੈਟ ਭੁੱਚੋ ਵਿਖੇ ਸੁਤੰਤਰਤਾ ਦਿਵਸ ਮੌਕੇ ਦੇਸ਼ ਭਗਤੀ ਦਾ ਰੰਗਾਰੰਗ ਪ੍ਰੋਗਰਾਮ ਬਹੁਤ ਹੀ ਆਕਰਸ਼ਕ ਅਤੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਹ ਪ੍ਰੋਗਰਾਮ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਵਿਸ਼ਾ ‘ਭਾਰਤ ਲਈ ਜਾਗਰਿਤ ਭਾਰਤੀ’ ਸੀ। ਪ੍ਰੋਗਰਾਮ ਦਾ ਮੁੱਖ ਮੰਤਵ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਸੀ।
ਪ੍ਰੋਗਰਾਮ ਦਾ ਉਦਘਾਟਨ ਸਕੂਲ ਪ੍ਰਬੰਧਕਾਂ ਵੱਲੋਂ ਬਹੁਤ ਹੀ ਆਕਰਸ਼ਕ ਤਰੀਕੇ ਨਾਲ ਤਿਰੰਗੇ ਰੰਗ ਦੇ ਗੁਬਾਰੇ ਅਸਮਾਨ ਵਿੱਚ ਛੱਡ ਕੇ ਕੀਤਾ ਗਿਆ।
ਦੇਸ਼ ਭਗਤੀ ਦੇ ਜਜ਼ਬੇ ਨਾਲ ਭਰੇ ਬੱਚਿਆਂ ਨੇ ਸੂਰਬੀਰਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਕਵੀ ਸੰਮੇਲਨ, ਬਹੁਤ ਹੀ ਵਧੀਆ ਹਾਵ-ਭਾਵ ਨਾਲ ਪਾਤਰਾਂ ਦੀ ਭੂਮਿਕਾ ਨਿਭਾਉਣ, ਦੇਸ਼ ਭਗਤੀ ਦੇ ਗੀਤ, ਸੋਲੋ ਡਾਂਸ, ਗੀਤ ਪੇਸ਼ ਕੀਤੇ।
ਸਕੂਲ ਦੇ ਅਧਿਆਪਕ ਵੱਲੋਂ ਦੇਸ਼ ਭਗਤੀ ਨੂੰ ਦਰਸਾਉਂਦੀ ਲਾਈਵ ਪੇਂਟਿੰਗ ਕੀਤੀ ਗਈ ਜਿਸ ਨੇ ਸਭ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਵਿੱਚ ਪਹੁੰਚੇ ਦਰਸ਼ਕਾਂ ਨੂੰ ਗੀਤਾਂ, ਕਵਿਤਾਵਾਂ, ਚਿੱਤਰਕਲਾ ਰਾਹੀਂ ਦੇਸ਼ ਭਗਤੀ ਦੀ ਭਾਵਨਾ ਪੇਸ਼ ਕਰਨ ਦਾ ਮੌਕਾ ਵੀ ਮਿਲਿਆ। ਆਏ ਹੋਏ ਪ੍ਰਤੀਯੋਗੀਆਂ ਨੂੰ ਸਕੂਲ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪਹੁੰਚੇ ਮਹਿਮਾਨਾਂ ਦੇ ਚਿਹਰਿਆਂ ‘ਤੇ ਆਈ ਖੁਸ਼ੀ, ਤਾੜੀਆਂ ਦੀ ਗੂੰਜ ਅਤੇ ਇਕਾਗਰਤਾ ਤੋਂ ਪ੍ਰੋਗਰਾਮ ਦੀ ਸਫ਼ਲਤਾ ਦਾ ਪਤਾ ਚੱਲਦਾ ਸੀ।
ਸੁਤੰਤਰਤਾ ਦਿਵਸ ਦੇ ਇਸ ਮੌਕੇ ‘ਤੇ ਸਕੂਲ ਦੇ ਚੇਅਰਮੈਨ ਇੰਜਨੀਅਰ ਸ਼੍ਰੀ ਕਮਲੇਸ਼ ਸਰਾਫ ਜੀ ਅਤੇ ਵਾਈਸ ਚੇਅਰਮੈਨ ਸ਼੍ਰੀ ਅਮਿਤ ਸਰਾਫ ਜੀ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ 77ਵੇਂ ਸੁਤੰਤਰਤਾ ਦਿਵਸ ‘ਤੇ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਫਿਰਕਾਪ੍ਰਸਤੀ, ਭ੍ਰਿਸ਼ਟਾਚਾਰ ਅਤੇ ਹੋਰ ਤਾਕਤਾਂ ਜੋ ਦੇਸ਼ ਦੀ ਸ਼ਾਂਤੀ ਲਈ ਖਤਰਾ ਹਨ, ਨਾਲ ਲੜਨ ਲਈ ਇਕਜੁੱਟ ਹੋ ਕੇ ਖੜੇ ਹੋਵਾਂਗੇ |
ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਜੀ ਨੇ ਪ੍ਰੋਗਰਾਮ ਵਿੱਚ ਆਏ ਸਾਰਿਆਂ ਵੱਲੋਂ ਜੋਸ਼ੋ-ਖਰੋਸ਼ ਨਾਲ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਾਡੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਵਾਰ ਕੇ ਇਹ ਆਜ਼ਾਦੀ ਪ੍ਰਾਪਤ ਕੀਤੀ ਹੈ ਅਤੇ ਸਾਨੂੰ ਉਨ੍ਹਾਂ ਦੇਸ਼ ਭਗਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
