
ਬਠਿੰਡਾ (ਜਸਵੀਰ ਔਲਖ)- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹੋਈਆਂ ਵਿਧਾਨ ਸਭਾ ’ਚ ਜਿਸ ਤਰ੍ਹਾਂ 26 ਸਾਲਾਂ ਬਾਅਦ ਭਾਜਪਾ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਉਸ ਨੂੰ ਲੈ ਕੇ ਭਾਜਪਾ ਵਾਲਿਆਂ ਤੋਂ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਕਿਉਂਕਿ ਚੰਦ ਮਹੀਨੇ ਪਹਿਲਾਂ ਹਰਿਆਣੇ ਵਿਚ ਮਾਅਰਕੇ ਵਾਲੀ ਜਿੱਤ ਜਾਰੀ ਕਰਕੇ ਆਪਣਾ ਕਬਜ਼ਾ ਕਰ ਚੁੱਕੀ ਭਾਜਪਾ ਹੁਣ ਦਿੱਲੀ ਵਿਚ ਆਪਣਾ ਝੰਡਾ ਬੁਲੰਦ ਕਰ ਗਈ।
ਉੱਥੇ ਦਿੱਲੀ ਦੇ ਆਏ ਚੋਣ ਨਤੀਜਿਆਂ ਨੇ ਇਹ ਸਾਬਿਤ ਕਰ ਦਿੱਤਾ ਕਿ ਲੱਖਾਂ ਸਿੱਖ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣਾਂ ਤੋਂ ਬਾਈਕਾਟ ਕਰਨ ਦੇ ਲਏ ਫ਼ੈਸਲੇ ਨੂੰ ਬੇਅਸਰ ਕਰਕੇ ਭਾਜਪਾ ਦੇ ਹੱਕ ਵਿਚ ਭੁਗਤ ਕੇ ਕਮਲ ਦਾ ਫੁੱਲ ਖਿਲ੍ਹਾਉਣ ਵਿਚ ਵੱਡਾ ਰੋਲ ਅਦਾ ਕਰ ਗਏ। ਉੱਥੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਅਤੇ ਖੁਦ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ਦਾ ਜਾਦੂ ਬੁਰੀ ਤਰ੍ਹਾਂ ਫ਼ੇਲ੍ਹ ਅਤੇ ਉਨ੍ਹਾਂ ਦੀ ਜੁੰਡਲੀ ਦੀ ਹਾਰ ਤੋਂ ਬਾਅਦ ਹੁਣ ਦਿੱਲੀ ਵਿਚ ਮੁੜ ਝਾੜੂ ਦੇ ਉਠਣ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ, ਕਿਉਂਕਿ ਦਿੱਲੀ ਵਿਚ ਲੋਕਸਭਾ ਚੋਣਾਂ ਵਿਚ ਭਾਜਪਾ ਪਹਿਲਾ ਹੀ ਮਾਰਕੇ ਵਾਲੀ ਜਿੱਤ ਪ੍ਰਾਪਤ ਕਰ ਚੁਕੀ ਹੈ। ਸੂਤਰਾਂ ਨੇ ਦੱਸਿਆ ਕਿ ਭਾਜਪਾ ਦੀ ਬਾਜ ਵਾਲੀ ਅੱਖ ਹੁਣ ਪੰਜਾਬ ਦੀਆਂ 2027 ਦੀਆਂ ਚੋਣਾਂ ’ ਤੇ ਹੋਵੇਗੀ ਅਤੇ ਸੂਤਰਾਂ ਨੇ ਇਹ ਵੀ ਦੱਸਿਆ ਕਿ ਭਾਜਪਾ ਦਿੱਲੀ ਵਿਚ ਕਿਸੇ ਸਿੱਖ ਚਿਹਰੇ ਨੂੰ ਵੱਡਾ ਮਾਣ ਦੇ ਕੇ ਉਸ ਦਾ ਸੁਨੇਹਾ ਪੰਜਾਬ ਨੂੰ ਦੇ ਸਕਦੀ ਹੈ।