
ਅੰਮ੍ਰਿਤਸਰ : ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਨੂੰ ਪੱਤਰ ਦੇ ਕੇ ਕਿਹਾ ਕਿ ਜੇਕਰ ਡੇਰਾ ਬਿਆਸ ਨੂੰ ਬਿਆਸ ਦਰਿਆ ਦੇ ਵਹਾਅ ਨੂੰ ਮੋੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਤਬਾਹ ਕਰਨ ਤੋਂ ਰੋਕਿਆ ਨਾ ਗਿਆ ਅਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਵੜੈਚ ਨੂੰ ਸੰਗਤਾਂ ਦੇ ਹਵਾਲੇ ਨਾ ਕੀਤਾ ਗਿਆ ਤਾਂ ਉਹ ਪੰਜ ਦਿਨਾਂ ਬਾਅਦ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪਿੰਡ ਜੋਧੇ ਦੀ ਪੰਚਾਇਤੀ ਜ਼ਮੀਨ ਦੀ ਕੀਤੀ ਗਈ ਰਜਿਸਟਰੀ ਸਬੰਧੀ ਡੇਰੇ ਵੱਲੋਂ ਕੀਤੀ ਗਈ ਕਾਰਵਾਈ ਅੱਤ ਨਿੰਦਣਯੋਗ ਹੈ ਅਤੇ ਇਸ ਸਬੰਧ ਵਿੱਚ ਉਹਨਾਂ ਨੇ ਪ੍ਰਸ਼ਾਸਨ ਨੂੰ ਕਈ ਵਾਰੀ ਚਿਤਵਾਇਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿੰਡ ਵੜੈਚ ਦੀ 80 ਏਕੜ ਜ਼ਮੀਨ ਨੂੰ ਬਚਾਉਣ ਲਈ ਉਹਨਾਂ ਵੱਲੋਂ ਹਾਈਕੋਰਟ ਤੱਕ ਪਹੁੰਚ ਕੀਤੀ ਗਈ ਸੀ ਪਰ ਇਸ ਜ਼ਮੀਨ ਦਾ ਕਬਜ਼ਾ ਹਾਲੇ ਵੀ ਡੇਰੇ ਕੋਲੋਂ ਛੁਡਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਦੋਹਾਂ ਪਿੰਡਾਂ ਦੇ ਲੋਕਾਂ ਦਾ ਸਬਰ ਦਾ ਪਿਆਲਾ ਭਰ ਗਿਆ ਹੈ ਅਤੇ ਪਿੰਡਾਂ ਦੇ ਵਾਸੀ ਕੋਈ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੇ ਹਨ।