“ਹੁਣ ਨਾ ਤਪਦੀ ਧੁੱਪ, ਨਾ ਮੀਂਹ ਦੀ ਮਾਰ” ਰਾਜਗੜ੍ਹ ਖੁਰਦ ਦੇ ਬੱਚਿਆ ਦੇ ਸਫਰ ਨੂੰ ਮਿਲੀ ਸੁਰੱਖਿਅਤ ਉਡਾਣ- ਵਿਧਾਇਕ ਬਲਕਾਰ ਸਿੱਧੂ
ਰਾਮਪੁਰਾ ਫੂਲ,6 ਜੁਲਾਈ:-
ਪਿੰਡ ਰਾਜਗੜ੍ਹ ਖੁਰਦ ਦੇ ਸਕੂਲੀ ਬੱਚਿਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਅੱਜ ਸਕੂਲ ਵੈਨ ਭੇਂਟ ਕੀਤੀ ਗਈ। ਇਸ ਉਪਰਾਲੇ ਨਾਲ ਹੁਣ ਪਿੰਡ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਲਈ ਸੁਰੱਖਿਅਤ, ਆਰਾਮਦਾਇਕ ਅਤੇ ਭਰੋਸੇਮੰਦ ਆਵਾਜਾਈ ਦੀ ਸਹੂਲਤ ਮਿਲੇਗੀ।
ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸਿੱਖਿਆ, ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, “ਜਦੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਪਿੰਡ ਦੇ ਨੰਨ੍ਹੇ-ਮੁੰਨ੍ਹੇ ਬੱਚੇ ਤਪਦੀ ਗਰਮੀ, ਕੜਾਕੇ ਦੀ ਠੰਢ ਅਤੇ ਮੀਂਹ ਵਿੱਚ ਪੈਦਲ ਸਕੂਲ ਜਾਣ ਲਈ ਮਜਬੂਰ ਹਨ, ਤਾਂ ਇਹ ਗੱਲ ਦਿਲ ਨੂੰ ਛੂਹ ਗਈ। ਅੱਜ ਸਕੂਲ ਵੈਨ ਦੀ ਇਹ ਸਹੂਲਤ ਦੇ ਕੇ ਮੈਨੂੰ ਬੇਹੱਦ ਸੰਤੁਸ਼ਟੀ ਮਿਲੀ ਹੈ। ਹੁਣ ਇਹ ਬੱਚੇ ਸੁਰੱਖਿਅਤ ਅਤੇ ਆਰਾਮ ਨਾਲ ਆਪਣੀ ਪੜ੍ਹਾਈ ਲਈ ਸਕੂਲ ਜਾਇਆ ਕਰਨਗੇ, ਜੋ ਉਨ੍ਹਾਂ ਦੇ ਸੁਨਹਿਰੇ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ।”
ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਿੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਹਰ ਬੱਚੇ ਤੱਕ ਬਿਹਤਰ ਸਹੂਲਤਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਦੇ ਵਿਕਾਸ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਇਸ ਮੋਕੇ ਰਾਜਗੜ੍ਹ ਦੇ ਸਰਪੰਚ ਦੀਪਕ ਸਰਮ਼ਾ,ਰਾਜਗੜ੍ਹ ਖੁਰਦ ਦੇ ਸਰਪੰਚ ਰੇਸ਼ਮ ਸਿੰਘ,ਪ੍ਰਿੰਸੀਪਲ ਮਨਦੀਪ ਸਿੰਘ, ਪ੍ਰਿੰਸੀਪਲ ਕਰਮਜੀਤ ਕੌਰ, ਗੋਰਾ ਸਿੰਘ ਪੰਚ, ਲਛਮਣ ਸਿੰਘ ਪੰਚ, ਸੇਵਕ ਸਿੰਘ ਪੰਚ, ਸੁਖਮੰਦਰ ਸਿੰਘ ਪੰਚ,ਪਿੰਡ ਵਾਸੀ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਇਸ ਉਪਰਾਲੇ ਲਈ ਵਿਧਾਇਕ ਬਲਕਾਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹੂਲਤ ਨਾਲ ਨਾ ਸਿਰਫ਼ ਬੱਚਿਆਂ ਦਾ ਸਫ਼ਰ ਆਸਾਨ ਹੋਵੇਗਾ, ਸਗੋਂ ਮਾਪਿਆਂ ਦੀ ਚਿੰਤਾ ਵੀ ਕਾਫ਼ੀ ਹੱਦ ਤੱਕ ਘਟੇਗੀ।


📰 Quality education and safe transportation are essential for every child’s future. Initiatives that improve students’ access to schools can make a meaningful difference in local communities. Stay connected with Rozana Savera for timely, factual, and unbiased coverage of important developments across Punjab.