ਰਾਮਪੁਰਾ ਫੂਲ (ਜਸਵੀਰ ਔਲਖ):- ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਮਾਰਗਦਰਸ਼ਨ ਲਈ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਦਾ ਮਾਰਗਦਰਸ਼ਨ ਡਾ: ਸਾਕਸ਼ੀ ਸ਼ਰਮਾ (ਕੈਰੀਅਰ ਕਾਊਂਸਲਰ ਅਤੇ ਮੈਂਟਲ ਹੈਲਥ ਗਾਈਡ) ਨੇ ਕੀਤਾ। ਇਸ ਕਾਊਂਸਲਿੰਗ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।
ਡਾ: ਸਾਕਸ਼ੀ ਸ਼ਰਮਾ ਜੀ ਨੇ ਬੱਚਿਆਂ ਨੂੰ ਕਿਹਾ ਕਿ ਸੁਪਨੇ ਕਦੇ ਵੀ ਇੱਕ ਦਿਨ ਵਿੱਚ ਪੂਰੇ ਨਹੀਂ ਹੁੰਦੇ, ਇਸਦੇ ਲਈ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਨੇ ਮਹੱਤਵਪੂਰਨ ਨੁਕਤਿਆਂ ‘ਤੇ ਬੱਚਿਆਂ ਦੇ ਵਿਚਾਰ ਜਾਣੇ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਵਧੀਆ ਖੇਤਰ ਦੀ ਚੋਣ ਕਰਨ, ਦਾਖਲਾ ਪ੍ਰੀਖਿਆ ਦੇਣ, ਨਵੀਂ ਸੰਸਥਾ ਵਿੱਚ ਦਾਖਲਾ ਲੈਣ ਵਰਗੀਆਂ ਕਈ ਉਲਝਣਾਂ ਵਿੱਚੋਂ ਕੱਢਣ ਲਈ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਪ੍ਰੇਰਨਾਦਾਇਕ ਫਾਰਮੂਲੇ ਦਿੱਤੇ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਜੀਵਨ ਵਿੱਚ ਕੀ ਜ਼ਰੂਰੀ ਹੈ।ਉਨ੍ਹਾਂ ਬੱਚਿਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਕਾਉਂਸਲਿੰਗ ਪ੍ਰੋਗਰਾਮ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਬੱਚਿਆਂ ਨੂੰ ਦੱਸਿਆ ਕਿ ਬੱਚਿਆਂ ਦੇ ਜੀਵਨ ਵਿੱਚ ਕਰੀਅਰ ਕਾਊਂਸਲਿੰਗ ਬਹੁਤ ਜ਼ਰੂਰੀ ਹੈ। ਬੱਚਿਆਂ ਦੀਆਂ ਬਹੁਤ ਸਾਰੀਆਂ ਉਲਝਣਾਂ ਅਤੇ ਮੁਸ਼ਕਿਲਾਂ ਨੂੰ ਕਾਉਂਸਲਿੰਗ ਰਾਹੀਂ ਹੱਲ ਕੀਤਾ ਜਾ ਸਕਦਾ ਹੈ, ਇਸੇ ਲਈ ਅਸੀਂ ਇਸ ਨੂੰ ਆਪਣਾ ਫਰਜ਼ ਸਮਝਦੇ ਹੋਏ ਬੱਚਿਆਂ ਨੂੰ ਸੇਧ ਦੇਣ ਲਈ ਕੈਰੀਅਰ ਗਾਈਡੈਂਸ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਦੇ ਰਹਾਂਗੇ।
