ਰਾਮਪੁਰਾ ਫੂਲ,(ਜਸਵੀਰ ਔਲਖ):
ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿੱਚ ਲੱਗਭੱਗ 28 ਸਾਲ ਦੀ ਸੇਵਾ ਕਰਨ ਉਪਰੰਤ ਪੰਜਾਬੀ ਅਧਿਆਪਕਾ ਸ੍ਰੀਮਤੀ ਕਰਮਜੀਤ ਕੌਰ ਸੇਵਾ ਮੁਕਤ ਹੋਏ। ਉਨ੍ਹਾਂ ਦੀ ਸੇਵਾ ਮੁਕਤੀ ਤੇ ਸਕੂਲ ਮੈਨੇਜਮੈਂਟ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾ ਕੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਸਭ ਤੋਂ ਪਹਿਲਾਂ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਅਤੇ ਮੈਡਮ ਅੰਜੂ ਬਾਲਾ ਪੰਜਾਬੀ ਅਧਿਆਪਕਾ ਸ੍ਰੀਮਤੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਦਰ ਸਹਿਤ ਮੰਚ ਉੱਤੇ ਲੈ ਕੇ ਆਏ। ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਪੈਸ਼ਲ ਪਰੇਅਰ ਕੀਤੀ। ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਸਵਾਗਤੀ ਗੀਤ ਗਾ ਕੇ ਮੈਡਮ ਕਰਮਜੀਤ ਕੌਰ ਦਾ ਸਵਾਗਤ ਕੀਤਾ।ਸਕੂਲ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਡਾਂਸ ਪੇਸ਼ ਕੀਤਾ। ਵਿਦਿਆਰਥੀਆਂ ਵਲੋ ਆਪਣੀ ਮਨਮੋਹਕ ਅਵਾਜ਼ ਰਾਹੀਂ ਗਾਏ ਭਾਵੁਕ ਗੀਤਾਂ ਨੇ ਪੰਡਾਲ ਵਿੱਚ ਬੈਠੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਆਪਣੇ ਭਾਸ਼ਣ ਰਾਹੀਂ ਮੈਡਮ ਵੱਲੋਂ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦੀ ਭਰਭੂਰ ਸ਼ਲਾਘਾ ਕੀਤੀ ਤੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ।ਇਸ ਮੌਕੇ ਸਕੂਲ ਅਧਿਆਪਕਾ ਵੀਰਦਵਿੰਦਰ ਵੱਲੋਂ ਉਨ੍ਹਾਂ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਭਾਸ਼ਣ ਦਿੱਤਾ ਤੇ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਦਿਲ ਦੀਆਂ ਬਰੂਹਾਂ ਤੋਂ ਪੇਸ਼ ਕੀਤਾ।ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਮੈਡਮ ਕਰਮਜੀਤ ਕੌਰ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਇੰਚਾਰਜ ਅਧਿਆਪਕਾ ਲਈ ਆਪਣਾ ਸਤਿਕਾਰ ਪ੍ਰਗਟ ਕਰਦੇ ਹੋਏ ਸਪੈਸ਼ਲ ਭਾਸ਼ਣ ਦਿੱਤਾ ਤੇ ਉਨ੍ਹਾਂ ਵੱਲੋਂ ਦੱਸੇ ਰਸਤੇ ਤੇ ਚੱਲਣ ਦਾ ਭਰੋਸਾ ਦਿੱਤਾ। ਮੈਡਮ ਕਰਮਜੀਤ ਕੌਰ ਨੇ ਆਪਣੇ ਭਾਵਕ ਭਾਸ਼ਣ ਰਾਹੀਂ ਸਕੂਲ ਮੈਨੇਜਮੈਂਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਨੂੰ ਆਪਣਾ ਪੇਕਾ ਘਰ ਕਹਿੰਦੇ ਹੋਏ ਮੈਡਮ ਨੇ ਵਿਦਾਈ ਲਈ।


💐 ਸਿੱਖਿਆ ਦੇ ਖੇਤਰ ਵਿੱਚ ਲੰਬੇ ਸਮੇਂ ਤੱਕ ਦਿੱਤੀਆਂ ਸੇਵਾਵਾਂ ਲਈ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਦਿਲੋਂ ਵਧਾਈ ਅਤੇ ਉਨ੍ਹਾਂ ਦੇ ਸੁਖਮਈ, ਤੰਦਰੁਸਤ ਅਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ। ਅਜਿਹੇ ਸਮਾਗਮ ਸਾਡੇ ਅਧਿਆਪਕਾਂ ਦੇ ਅਮੂਲ ਯੋਗਦਾਨ ਨੂੰ ਸਨਮਾਨ ਦੇਣ ਦੀ ਸੁੰਦਰ ਪਰੰਪਰਾ ਨੂੰ ਹੋਰ ਮਜ਼ਬੂਤ ਕਰਦੇ ਹਨ। 🙏🌹