ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਕਰਾੜਵਾਲਾ ਵਿਖੇ ਵਿਦਿਆਰਥੀਆਂ ਦੀ ਮੌਖਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਦੰਦਾਂ ਦੀ ਜਾਂਚ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਅਗਵਾਈ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ. ਸਾਕਸ਼ੀ ਵੱਲੋਂ ਕੀਤੀ ਗਈ।
ਕੈਂਪ ਦੌਰਾਨ ਡਾ. ਸਾਕਸ਼ੀ ਨੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦੰਦਾਂ ਦੀ ਸਹੀ ਸਫ਼ਾਈ, ਸੰਤੁਲਿਤ ਖੁਰਾਕ ਅਤੇ ਮੌਖਿਕ ਸਿਹਤ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿਨ ਵਿੱਚ ਦੋ ਵਾਰ ਬੁਰਸ਼ ਕਰਨ, ਮਿੱਠੀਆਂ ਚੀਜ਼ਾਂ ਦੀ ਅਤਿ ਵਰਤੋਂ ਤੋਂ ਬਚਣ ਅਤੇ ਨਿਯਮਿਤ ਦੰਦਾਂ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਬੰਧਕਾਂ ਨੇ ਡਾ. ਸਾਕਸ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਕੈਂਪ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਦੇ ਹਨ। ਵਿਦਿਆਰਥੀਆਂ ਨੇ ਵੀ ਇਸ ਕੈਂਪ ਤੋਂ ਲਾਭ ਪ੍ਰਾਪਤ ਕੀਤਾ ਅਤੇ ਦੰਦਾ ਦੀ ਸਿਹਤ ਨਾਲ ਸੰਬੰਧਿਤ ਕਈ ਜਾਣਕਾਰੀਆਂ ਹਾਸਲ ਕੀਤੀਆਂ।
ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਚੌਧਰੀ ਨੇ ਡਾ. ਸਾਕਸ਼ੀ ਅਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਆਸ ਪ੍ਰਗਟਾਈ।

