ਸਾਦਿਕ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਲ ਸਾਦਿਕ ਦੀ ਮੀਟਿੰਗ ਗੁਰਦੁਆਰਾ ਬਾਉਲੀ ਸਾਹਿਬ ਪੰਜਾਬ ਦੇ ਮੀਤ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਘੁੱਦੂਵਾਲਾ ਦੀ ਅਗਵਾਈ ਹੇਠ ਕੀਤੀ ਗਈ।
ਇਸ ਮੌਕੇ ਹਰਪ੍ਰਰੀਤ ਸਿੰਘ, ਦਿਲਬਾਗ ਸਿੰਘ ਘੋਨੀਵਾਲਾ, ਭੋਲਾ ਸਿੰਘ, ਸੁਖਦੇਵ ਸਿੰਘ ਕਾਬਲਵਾਲਾ ਤੇ ਹਰਭੇਜ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਝੋਨੇ ਦੀ ਖਰੀਦ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਸੂਬਾ ਮੀਤ ਪ੍ਰਧਾਨ ਸਿਮਰਜੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਲੇਟ ਹੋਣ ਕਾਰਨ ਨਮੀ ਵਧ ਆ ਰਹੀ ਹੈ। ਪਰ ਕੇਂਦਰ ਸਰਕਾਰ ਵੱਲੋਂ 17 ਫੀਸਦੀ ਨਮੀ ਵਾਲਾ ਝੋਨਾ ਖਰੀਦ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ 20 ਫ਼ੀਸਦੀ ਨਮੀ ਵਾਲਾ ਝੋਨਾ ਖਰੀਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਧਿਆਨ ਵਿਚ ਆਇਆ ਕਿ ਹਾਈਬਰੈੱਡ ਝੋਨੇ ਦੀ ਖਰੀਦ ਨੂੰ ਲੈ ਕੇ ਏਜੰਸੀਆਂ ਨੱਕ ਮਾਰ ਰਹੀਆਂ ਹਨ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਤੇ ਸ਼ੈਲਰਾਂ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਾਈਬਰੈੱਡ ਝੋਨੇ ਦੀ ਕਿਸਮ ਨੂੰ ਲੈ ਕੇ ਖਰੀਦ ਸਮੇਂ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਜਾਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਵੱਟਾ ਮੰਗਿਆ ਗਿਆ ਤਾਂ ਜਥੇਬੰਦੀ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਕਿਉਂਕਿ ਸਰਕਾਰ ਦੀ ਝੋਨੇ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਕਿਸਾਨਾਂ ਨੇ ਬੀਜੀਆਂ ਤੇ ਲੇਟ ਬੀਜਣ ਵਾਲੀਆਂ ਕਿਸਮ ਵਿਚੋਂ ਨਮੀ ਘੱਟ ਨਹੀਂ ਰਹੀ ਤੇ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਖਰੀਦ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਪਰਾਲੀ ਦੇ ਮੁੱਦੇ ਬਾਰੇ ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣਾ ਹੈ ਤਾਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਇਸ ਮੌਕੇ ਰਜਿੰਦਰ ਸਿੰਘ ਸ਼ੇਰ ਸਿੰਘ ਵਾਲਾ, ਚਮਕੌਰ ਸਿੰਘ ਕਾਬਲਵਾਲਾ, ਸੁਖਪਾਲ ਸਿੰਘ, ਬਗੀਚਾ ਸਿੰਘ, ਕਰਤਾਰ ਸਿੰਘ, ਦਰਸ਼ਨ ਸਿੰਘ, ਸਰਬਜੀਤ ਸਿੰਘ ਕਾਨਿਆਂਵਾਲੀ, ਬਲਵੀਰ ਸਿੰਘ ਝੋਕ, ਕੇਵਲ ਸਿੰਘ ਘੁੱਦੂਵਾਲਾ ਆਦਿ ਹਾਜ਼ਰ ਸਨ।
