ਰਾਮਪੁਰਾ ਫੂਲ (ਜਸਵੀਰ ਔਲਖ)- ਸੀ.ਬੀ.ਐਸ.ਈ. ਮਾਨਤਾ ਪ੍ਰਾਪਤ ਐਜੂਵਿਕੋਨ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਪ੍ਰਾਰਥਨਾ ਸਭਾ ਦੀ ਸ਼ੁਰੂਆਤ ਸ਼ਬਦ “ਦੇਹ ਸ਼ਿਵਾ ਵਰ ਮੋਹੇ” ਦੇ ਜਾਪ ਨਾਲ ਕੀਤੀ ਗਈ।ਨਿੱਕੀਆਂ ਜਿੰਦਾਂ,ਵੱਡਾ ਸਾਕਾ”….ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਉਹਨਾਂ ਦੇ ਜੀਵਨ ਨੂੰ ਉਜਾਗਰ ਕੀਤਾ । ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਨਾਲ ਸਬੰਧਤ ਕਵਿਤਾਵਾਂ ਅਤੇ ਗੀਤ ਗਾਏ ਗਏ।
ਸਕੂਲ ਦੀ ਪ੍ਰਾਰਥਨਾ ਸਭਾ ਦੀ ਅਗਵਾਈ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅੰਜੂ ਨਾਗਪਾਲ ਨੇ ਕੀਤੀ। ਉਨ੍ਹਾਂ ਬੱਚਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਆਪਣੇ ਧਰਮ ਦੀ ਸ਼ਾਨ ਲਈ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਉਨ੍ਹਾਂ ਨੇ ਗੁਰਬਾਣੀ ਦੀ ਪੰਗਤੀ “ਸੂਰਾ ਸੋ ਪਹਿਣਾਈਏ, ਜੋ ਲਰੈ ਦੀਨ ਕੇ ਹੇਤ, ਪੁਰਜਾ ਕਟ ਮਰੈ, ਕਬਹੂ ਨ ਛੋੜੇ ਖੇਤ” ਨੂੰ ਸੱਚ ਕਰ ਦਿੱਤਾ। ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਇਸਲਾਮ ਕਬੂਲ ਨਾ ਕਰਨ ਕਰਕੇ ਜਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਬੱਚਿਆਂ ਨੂੰ ਬਹਾਦਰੀ, ਸਹਿਣਸ਼ੀਲਤਾ, ਬਹਾਦਰੀ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਨੂੰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ ਚਲਣਾ ਚਾਹੀਦਾ ਹੈ।

