ਬਾਬਾ ਮੋਨੀ ਜੀ ਮਹਾਰਾਜ ਡਿਗਰੀ ਅਤੇ ਐਜੂਕੇਸ਼ਨ ਕਾਲਜ, ਲਹਿਰਾ ਮੁਹੱਬਤ, ਬਠਿੰਡਾ ਵਿੱਚ ਵਿਸ਼ਵ ਕਵਿਤਾ ਦਿਵਸ ਬੜੇ ਹੀ ਉਤਸ਼ਾਹ ਅਤੇ ਰਚਨਾਤਮਕ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਿੱਚ ਸਾਹਿਤ ਅਤੇ ਕਲਾ ਪ੍ਰਤੀ ਰੁਝਾਨ ਵਧਾਉਣ ਲਈ ਕਵਿਤਾ ਲਿਖਣ ਅਤੇ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਈ ਜਿਸ ਵਿੱਚ ਕਾਲਜ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੇ ਜਜ਼ਬਾਤਾਂ, ਸਮਾਜਿਕ ਮੁੱਦਿਆਂ ਅਤੇ ਪ੍ਰਕਿਰਤੀ ਪ੍ਰੇਮ ਨੂੰ ਕਵਿਤਾਵਾਂ ਰਾਹੀਂ ਬਹੁਤ ਹੀ ਸੁੰਦਰ ਢੰਗ ਨਾਲ ਪ੍ਰਗਟ ਕੀਤਾ। ਭਾਗੀਦਾਰਾਂ ਦੀ ਪ੍ਰਸਤੁਤੀ ਨੇ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਮੂਹ ਮਾਹੌਲ ਸਾਹਿਤਕ ਰੰਗ ਵਿੱਚ ਰੰਗਿਆ ਰਿਹਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਜਨੀ ਚੌਧਰੀ ਅਤੇ ਅਧਿਆਪਕ ਵਰਗ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੰਦੇ ਹਨ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

