ਜਲਾਲਾਬਾਦ : ਜਲਾਲਾਬਾਦ ‘ਚ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਲਾਕਡਾਊਨ ਲੱਗ ਸਕਦਾ ਹੈ, ਜਿਸ ਕਾਰਨ ਪੈਟਰੋਲ ਪੰਪਾਂ ‘ਤੇ ਲੋਕਾਂ ਦੀਆਂ ਭਾਰੀ ਕਤਾਰਾਂ ਲੱਗ ਗਈਆਂ ਹਨ। ਸ਼ਹਿਰ ਦੇ ਚੌਧਰੀ ਫਿਲਿੰਗ ਸਟੇਸ਼ਨ ‘ਤੇ ਲੋਕ ਆਪਣੇ ਵਾਹਨਾਂ ‘ਚ ਪੈਟਰੋਲ ਅਤੇ ਡੀਜ਼ਲ ਭਰਵਾਉਣ ਲਈ ਲੰਬੀਆਂ ਲਾਈਨਾਂ ‘ਚ ਖੜ੍ਹੇ ਦਿਖਾਈ ਦਿੱਤੇ। ਇੰਨਾ ਹੀ ਨਹੀਂ, ਲੋਕ ਡਰੰਮਾਂ ਅਤੇ ਬੋਤਲਾਂ ‘ਚ ਵੀ ਪੈਟਰੋਲ-ਡੀਜ਼ਲ ਦਾ ਸਟਾਕ ਕਰਨ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਗੈਸ ਸਿਲੰਡਰਾਂ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਤੇ ਪੈਟਰੋਲ-ਡੀਜ਼ਲ ਦੀ ਦਿੱਕਤ ਨਾ ਆ ਜਾਵੇ, ਇਸ ਲਈ ਉਹ ਇੱਕ-ਦੂਜੇ ਨੂੰ ਦੇਖ ਕੇ ਪੈਟਰੋਲ ਪੰਪਾਂ ‘ਤੇ ਪਹੁੰਚ ਰਹੇ ਹਨ।

ਪੈਟਰੋਲ ਪੰਪਾਂ ‘ਤੇ ਸਵੇਰ ਤੋਂ ਲੱਗੀਆਂ ਲਾਈਨਾਂ
ਦੂਜੇ ਪਾਸੇ ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਕੰਪਨੀ ਕੋਲ ਪੈਟਰੋਲ ਅਤੇ ਡੀਜ਼ਲ ਦਾ ਭਰਪੂਰ ਸਟਾਕ ਮੌਜੂਦ ਹੈ। ਚੌਧਰੀ ਫਿਲਿੰਗ ਸਟੇਸ਼ਨ ਦੇ ਸੰਚਾਲਕ ਪ੍ਰਮੋਦ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ‘ਤੇ ਸਵੇਰ ਤੋਂ ਹੀ ਭੀੜ ਲੱਗੀ ਹੋਈ ਹੈ ਅਤੇ ਲੋਕ ਵਾਹਨਾਂ ਦੇ ਨਾਲ-ਨਾਲ ਡਰੰਮਾਂ ਵਿੱਚ ਵੀ ਡੀਜ਼ਲ ਪਵਾਉਣ ਲਈ ਆ ਰਹੇ ਹਨ।
ਲੋਕਾਂ ਨੂੰ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ
ਉਨ੍ਹਾਂ ਕਿਹਾ ਕਿ ਇਰਾਨ-ਇਜ਼ਰਾਈਲ ਜੰਗ ਨੂੰ ਲੈ ਕੇ ਲੋਕਾਂ ‘ਚ ਡਰ ਦਾ ਮਾਹੌਲ ਹੈ ਕਿ ਬਾਅਦ ਵਿੱਚ ਤੇਲ ਨਹੀਂ ਮਿਲੇਗਾ ਪਰ ਅਜਿਹੀ ਕੋਈ ਸਥਿਤੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਸਟਾਕ ਨਹੀਂ ਕੀਤਾ ਜਾ ਸਕਦਾ ਅਤੇ ਉਨ੍ਹਾਂ ਕੋਲ ਸਟਾਕ ਦੀ ਕੋਈ ਕਮੀ ਨਹੀਂ ਹੈ, ਇਸ ਲਈ ਲੋਕ ਬੇਵਜ੍ਹਾ ਅਫ਼ਵਾਹਾਂ ਨਾ ਫੈਲਾਉਣ।
ਲਾਕਡਾਊਨ ਲੱਗਣ ਦੀ ਉੱਡੀ ਅਫਵਾਹ
ਪੈਟਰੋਲ ਪੰਪ ‘ਤੇ ਤੇਲ ਪਵਾਉਣ ਪਹੁੰਚੇ ਰਮਨ ਕੁਮਾਰ ਅਤੇ ਭਾਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲਾਕਡਾਊਨ ਲੱਗ ਰਿਹਾ ਹੈ, ਜਿਸ ਕਾਰਨ ਪੈਟਰੋਲ ਪੰਪਾਂ ‘ਤੇ ਬਹੁਤ ਜ਼ਿਆਦਾ ਭੀੜ ਹੈ। ਉਹ ਵੀ ਇੱਕ-ਦੂਜੇ ਨੂੰ ਦੇਖ ਕੇ ਆਪਣੇ ਵਾਹਨਾਂ ਵਿੱਚ ਤੇਲ ਪਵਾਉਣ ਲਈ ਪਹੁੰਚੇ ਹਨ।
ਇੱਕ-ਦੂਜੇ ਨੂੰ ਦੇਖ ਕੇ ਪਹੁੰਚੇ ਲੋਕ
ਉੱਥੇ ਹੀ ਕੁੱਝ ਲੋਕ ਇਹ ਕਹਿੰਦੇ ਵੀ ਨਜ਼ਰ ਆਏ ਕਿ ਜੇਕਰ ਲਾਕਡਾਊਨ ਹੋ ਗਿਆ ਤਾਂ ਸਭ ਕੁੱਝ ਬੰਦ ਹੋ ਜਾਵੇਗਾ ਅਤੇ ਫਿਰ ਪੈਟਰੋਲ-ਡੀਜ਼ਲ ਕਿਸ ਕੰਮ ਆਉਣਗੇ। ਪਰ ਬੇਵਜ੍ਹਾ ਲੋਕ ਇੱਕ-ਦੂਜੇ ਦੀ ਦੇਖਾ-ਦੇਖੀ ਪੈਟਰੋਲ ਪੰਪਾਂ ‘ਤੇ ਪਹੁੰਚ ਕੇ ਭੀੜ ਦਾ ਹਿੱਸਾ ਬਣ ਰਹੇ ਹਨ।
