ਰਾਮਪੁਰਾ ਫੂਲ: ਸ਼ਹਿਰ ਵਿੱਚ ਹੈਵੀ ਵਾਹਨਾਂ ਦੀ ਐਂਟਰੀ ‘ਤੇ ਲੱਗੀ ਪਾਬੰਦੀ ਪੂਰੀ ਤਰ੍ਹਾਂ ਬੇਅਸਰ ਨਜ਼ਰ ਆ ਰਹੀ ਹੈ। ਟਰੱਕਾਂ ਅਤੇ ਹੋਰ ਭਾਰੀ ਵਾਹਨ ਦਿਨ-ਰਾਤ ਬੇਰੋਕ ਟੋਕ ਤੰਗ ਗਲੀਆਂ, ਬਜ਼ਾਰਾਂ ਅਤੇ ਮੁੱਖ ਸੜਕਾਂ ‘ਤੇ ਦੌੜ ਰਹੇ ਹਨ, ਜਿਸ ਨਾਲ ਟ੍ਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਗਈ ਹੈ।
ਮੌਕੇ ਦੀਆਂ ਤਸਵੀਰਾਂ ਸਪੱਸ਼ਟ ਕਰਦੀਆਂ ਹਨ ਕਿ ਭਾਰੀ ਲੋਡ ਨਾਲ ਭਰੇ ਟਰੱਕ ਸਕੂਲ ਬੱਸਾਂ, ਕਾਰਾਂ ਅਤੇ ਰਾਹਗੀਰਾਂ ਦੇ ਬਿਲਕੁਲ ਨੇੜੇ ਤੋਂ ਲੰਘ ਰਹੇ ਹਨ। ਖ਼ਾਸ ਕਰਕੇ ਸਕੂਲ ਸਮੇਂ ਦੌਰਾਨ ਇਹ ਹਾਲਾਤ ਹੋਰ ਵੀ ਖ਼ਤਰਨਾਕ ਬਣ ਜਾਂਦੇ ਹਨ, ਜਦੋਂ ਛੋਟੇ ਬੱਚੇ ਸੜਕਾਂ ‘ਤੇ ਆਉਂਦੇ-ਜਾਂਦੇ ਹਨ।
ਸਥਾਨਕ ਲੋਕਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਬਾਈਪਾਸ ਮੌਜੂਦ ਹੋਣ ਦੇ ਬਾਵਜੂਦ ਡਰਾਈਵਰ ਖੁੱਲ੍ਹੇਆਮ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸ਼ਹਿਰ ਵਿੱਚੋਂ ਲੰਘ ਰਹੇ ਹਨ। ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਨਾ ਤਾਂ ਚਲਾਨ ਕੱਟੇ ਜਾ ਰਹੇ ਹਨ ਅਤੇ ਨਾ ਹੀ ਕੋਈ ਢੁਕਵੀਂ ਕਾਰਵਾਈ ਹੋ ਰਹੀ ਹੈ।
ਲੋਕਾਂ ਨੇ ਦੋਸ਼ ਲਗਾਇਆ ਕਿ ਨਾਕਿਆਂ ਦੇ ਬਾਵਜੂਦ ਹੈਵੀ ਵਾਹਨਾਂ ਨੂੰ ਨਾ ਰੋਕਣਾ ਪੁਲਿਸ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਮੈਦਾਨੀ ਪੱਧਰ ‘ਤੇ ਸਖ਼ਤੀ ਦੀ ਕਮੀ ਕਾਰਨ ਨਿਯਮ ਸਿਰਫ਼ ਦਿਖਾਵੇ ਤੱਕ ਸੀਮਿਤ ਰਹਿ ਗਏ ਹਨ।
ਇਸ ਸਬੰਧੀ ਟ੍ਰੈਫਿਕ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ, ਜਿਸ ਨਾਲ ਪ੍ਰਸ਼ਾਸਨ ਦੀ ਚੁੱਪੀ ਹੋਰ ਵੀ ਸ਼ੱਕ ਪੈਦਾ ਕਰ ਰਹੀ ਹੈ।
ਸ਼ਹਿਰ ਵਾਸੀਆਂ ਨੇ ਸਖ਼ਤ ਲਫ਼ਜ਼ਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਹੈਵੀ ਵਾਹਨਾਂ ਦੀ ਐਂਟਰੀ ‘ਤੇ ਪੂਰੀ ਤਰ੍ਹਾਂ ਰੋਕ ਨਾ ਲਗਾਈ ਗਈ ਤਾਂ ਕਿਸੇ ਵੀ ਵੇਲੇ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਤ ਅਧਿਕਾਰੀਆਂ ‘ਤੇ ਹੋਵੇਗੀ।

