ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਦੇ ਕਿੰਡਰਗਾਰਟਨ ਵਿੰਗ ਨੇ ਮਿਤੀ 26 ਅਗਸਤ 2026 ਨੂੰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪ੍ਰੋਗਰਾਮ “ਮਿੰਨੀ ਪੰਜਾਬ ਸੱਭਿਆਚਾਰਕ ਯਾਤਰਾ ” ਦਾ ਅਯੋਜਨ ਕੀਤਾ । ਜਿਸ ਵਿੱਚ ਜਮਾਤ ਨਰਸਰੀ,ਐੱਲ .ਕੇ.ਜੀ. ਯੂ. ਕੇ. ਜੀ., ਫਸਟ ਤੇ ਸੈਕਿੰਡ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਸਤਿਕਾਰਯੋਗ ਫਾਦਰ ਯੂਲੇਲੀਓ ਫਰਨਾਂਡਿਜ ਪ੍ਰੋਵੈਂਸਨਲ ਸੁਪੀਰੀਅਰ ਦਿੱਲੀ-ਹਰਿਆਣਾ ਸਨ। ਸਕੂਲ ਦੇ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਅਤੇ ਮੈਡਮ ਅੰਜੂ ਬਾਲਾ ਮੁੱਖ ਮਹਿਮਾਨ ਨੂੰ ਆਦਰ ਸਹਿਤ ਮੰਚ ਉੱਤੇ ਲੈ ਕੇ ਆਏ। ਸਕੂਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਨੇ ਮੁੱਖ ਮਹਿਮਾਨ ਦਾ ਸਵਾਗਤ ਛੋਟੇ-ਛੋਟੇ ਪੌਦੇ ਭੇਂਟ ਕਰਕੇ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਮਾਤਮਾ ਦੀ ਅਰਾਧਨਾ ਪਰੇਅਰ ਡਾਂਸ ਰਾਹੀਂ ਕੀਤੀ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਗਾ ਕੇ ਆਪਣੇ ਸਤਿਕਾਰਯੋਗ ਫਾਦਰ ਯੂਲੇਲੀਓ ਫਰਨਾਂਡਿਜ ਦਾ ਦਿਲ ਦੀਆਂ ਬਰੂਹਾਂ ਤੋਂ ਸਵਾਗਤ ਕੀਤਾ। ਪ੍ਰੋਗਰਾਮ ਦਾ ਮੁੱਖ ਅਕਰਸ਼ਣ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਰਹੀ। ਜਿਸ ਵਿੱਚ ਨੰਨ੍ਹੇ ਮੁੰਨੇ ਬੱਚੇ ਆਪਣਾ ਰੋਲ ਅਦਾ ਕਰ ਰਹੇ ਸਨ। ਕੋਈ ਵੰਗਾਂ ਚੜ੍ਹਵਾ ਰਿਹਾ, ਕੋਈ ਪੱਖੀਆਂ ਝੱਲ ਰਿਹਾ, ਕੋਈ ਮਹਿੰਦੀ ਲਗਵਾ ਰਿਹਾ, ਕੋਈ ਖੂਹ ਤੋਂ ਪਾਣੀ ਭਰਦਾ ਤੇ ਕੋਈ ਪੰਜਾਬੀ ਫਾਰਮ ਹਾਊਸ ਵਿੱਚ ਬੈਠਾ ਪੰਜਾਬੀ ਠਾਠ ਦਿਖਾ ਰਿਹਾ ਸੀ। ਨੰਨ੍ਹੀਆਂ ਬੱਚੀਆਂ ਦੀ ਕਿੱਕਲੀ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀਂ ਸੀ। ਨੰਨ੍ਹੀਆਂ ਵਿਦਿਆਰਥਣਾਂ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਪੰਜਾਬੀ ਮੁਟਿਆਰਾਂ ਲੱਗ ਰਹੀਆਂ ਸਨ। ਮਧਾਣੀ ਨਾਲ ਦੁੱਧ ਰਿੜਕਣਾ,ਚੁੱਲ੍ਹੇ ਤੇ ਰੋਟੀਆਂ ਪਕਾਉਣੀਆਂ ਬੱਚਿਆਂ ਨੂੰ ਹੱਥੀਂ ਕੰਮ ਕਰਨ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਪ੍ਰੇਰਿਤ ਕਰ ਰਹੇ ਸਨ। ਮੁੱਖ ਮਹਿਮਾਨ ਫਾਦਰ ਯੂਲੇਲੀਓ ਫਰਨਾਂਡਿਜ ਨੇ ਆਪਣੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਇੱਕ ਦੂਜੇ ਨਾਲ ਮਿਲ ਕੇ ਰਹਿਣ ਤੇ ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਣ ਦਾ ਨਿੱਘਾ ਸੱਦਾ ਦਿੱਤਾ।ਉਨ੍ਹਾਂ ਨੇ ਸਕੂਲ ਮੈਨੇਜਮੈਂਟ ਦੇ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ। ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਨੇ ਸਕੂਲ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ , ਉਨ੍ਹਾਂ ਦੇ ਮਾਪਿਆਂ ਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ। ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਨੰਨ੍ਹੇ ਮੁੰਨੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੁੜ ਕੇ ਚੰਗੇ ਨਾਗਰਿਕ ਬਨਣ ਲਈ ਪ੍ਰੇਰਿਤ ਕੀਤਾ। ਬੱਚਿਆਂ ਦੇ ਮਾਪਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ । ਪ੍ਰਦਰਸ਼ਨੀ ਨੂੰ ਵੇਖਣ ਸਮੇਂ ਮਾਪਿਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਦੀਆਂ ਖੂਬ ਤਸਵੀਰਾਂ ਖਿੱਚੀਆਂ।

