PM SHRI GSSS Rampura Mandi (ਡਿੱਗੀ ਵਾਲਾ) ਵੱਲੋਂ ਵਿਦਿਆਰਥੀਆਂ ਲਈ ਬਾਬਾ ਮੋਨੀ ਜੀ ਮਹਾਰਾਜ ਕਾਲਜ ਆਫ਼ ਨਰਸਿੰਗ, ਲਹਿਰਾ ਮੁਹੱਬਤ (ਬਠਿੰਡਾ) ਵਿਖੇ ਇੱਕ ਗਿਆਨਵਰਧਕ ਐਜੂਕੇਸ਼ਨਲ ਟੂਰ ਕਰਵਾਇਆ ਗਿਆ। ਇਸ ਦੌਰੇ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਨੀਲ ਕੁਮਾਰ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਨਾਲ ਮੈਡਮ ਸੰਦੀਪ ਕੁਮਾਰੀ ਜੀ ਵੀ ਮੌਜੂਦ ਰਹੇ।
ਕਾਲਜ ਪਹੁੰਚਣ ’ਤੇ ਮੈਡਮ ਨਵਦੀਪ ਕੌਰ ਜੀ ਵੱਲੋਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕਾਲਜ ਦੀਆਂ ਵਿਦਿਅਕ ਗਤੀਵਿਧੀਆਂ, ਨਰਸਿੰਗ ਕੋਰਸਾਂ, ਦਾਖਲਾ ਪ੍ਰਕਿਰਿਆ, ਲਾਇਬ੍ਰੇਰੀ ਅਤੇ ਉਪਲਬਧ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਰਸਿੰਗ ਦੇ ਖੇਤਰ ਵਿੱਚ ਉੱਚ ਸਿੱਖਿਆ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ।
ਵਿਦਿਆਰਥੀਆਂ ਨੇ ਕਾਲਜ ਦੀਆਂ ਵੱਖ-ਵੱਖ ਨਰਸਿੰਗ ਕਲਾਸਾਂ ਅਤੇ ਹੋਰ ਵਿਭਾਗਾਂ ਦਾ ਦੌਰਾ ਕਰਕੇ ਵਿਹਾਰਕ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਕਾਲਜ ਦੀਆਂ ਸਹੂਲਤਾਂ ਅਤੇ ਨਰਸਿੰਗ ਸਿੱਖਿਆ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਈ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਸੁਨੀਲ ਕੁਮਾਰ ਜੀ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਸਹੀ ਕਰੀਅਰ ਦੀ ਚੋਣ ਕਰਨ ਵਿੱਚ ਮਦਦਗਾਰ ਸਾਬਤ ਹੁੰਦੇ ਹਨ।
ਸਮੁੱਚੇ ਤੌਰ ’ਤੇ ਇਹ ਐਜੂਕੇਸ਼ਨਲ ਟੂਰ ਵਿਦਿਆਰਥੀਆਂ ਲਈ ਗਿਆਨਵਰਧਕ, ਪ੍ਰੇਰਨਾਦਾਇਕ ਅਤੇ ਯਾਦਗਾਰ ਅਨੁਭਵ ਰਿਹਾ।

