ਰਾਮਪੁਰਾ ਫੂਲ — ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਧਰਤੀ ਦਿਵਸ ਦੇ ਮੌਕੇ ‘ਤੇ ਐਨਐਸਐਸ ਵਲੰਟੀਅਰ ਵਿਦਿਆਰਥਣਾਂ ਵੱਲੋਂ ਪ੍ਰਾਰਥਨਾ ਸਭਾ ਦੌਰਾਨ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲੈਂਦਿਆਂ ਵਾਤਾਵਰਣ ਸੰਰੱਖਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਮੁਕਾਬਲੇ ਦੇ ਨਤੀਜਿਆਂ ਵਿੱਚ ਵਿਦਿਆਰਥਣ ਦਵੀਜਾ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਯੈਸਿਕਾ ਦੂਜੇ ਅਤੇ ਜਾਨਵੀ ਗੋਇਲ ਤੀਜੇ ਸਥਾਨ ‘ਤੇ ਰਹੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਐਨਐਸਐਸ ਵਲੰਟੀਅਰ ਦੀਪਸਿਖਾ ਨੇ ਸਾਰੇ ਵਿਦਿਆਰਥੀਆਂ ਨੂੰ ਧਰਤੀ ਬਚਾਓ, ਜਲ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਲਈ ਪੇੜ-ਪੌਦੇ ਲਗਾਉਣ ਅਤੇ ਪਲਾਸਟਿਕ ਦੀ ਘੱਟ ਵਰਤੋਂ ਕਰਨ ਦੀ ਸ਼ਪਥ ਦਵਾਈ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਇਕ ਸ਼ਲਾਘਾਯੋਗ ਪਹਿਲ ਹੈ ਅਤੇ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਬਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਦਿਨਚਰਿਆ ਵਿੱਚ ਛੋਟੀਆਂ-ਛੋਟੀਆਂ ਬਦਲਾਵਾਂ ਕਰਕੇ ਧਰਤੀ ਦੀ ਰੱਖਿਆ ਵਿੱਚ ਯੋਗਦਾਨ ਪਾਉਣ।
ਇਸ ਸਮਾਗਮ ਵਿੱਚ ਐਨਐਸਐਸ ਪ੍ਰੋਗਰਾਮ ਅਫਸਰ ਨਿਰਮਲਜੀਤ ਕੌਰ, ਵਾਈਸ ਪ੍ਰਿੰਸੀਪਲ ਵਿਕਰਮਜੀਤ ਸਿੰਘ ਅਤੇ ਹੋਰ ਕੋਆਰਡੀਨੇਟਰਾਂ ਸਮੇਤ ਸਕੂਲ ਸਟਾਫ ਹਾਜ਼ਰ ਸੀ।
ਇਸ ਤੋਂ ਇਲਾਵਾ ਸਕੂਲ ਵਿੱਚ ਧਰਤੀ ਦਿਵਸ ਦੇ ਮੌਕੇ ‘ਤੇ ਹੋਰ ਵੀ ਕਈ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਪੋਸਟਰ ਮੁਕਾਬਲਾ, ਸਲੋਗਨ ਲਿਖਣ, ਜਾਗਰੂਕਤਾ ਰੈਲੀ ਅਤੇ ਫੈਂਸੀ ਡਰੈਸ ਮੁਕਾਬਲੇ ਸ਼ਾਮਲ ਰਹੇ।
ਇਸ ਮੌਕੇ ਪ੍ਰਬੰਧਕ ਸੰਮਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜ਼ਰ ਗੁਰਪ੍ਰੀਤ ਸਿੰਘ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜ ਨੂੰ ਜਾਗਰੂਕ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

