ਰਾਮਪੁਰਾ ਫੂਲ — ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਡੂਬੀਕਨਜ਼ ਗਲੋਬਲ ਡਿਸਕਵਰੀ ਸਕੂਲ, ਰਾਮਪੁਰਾ ਫੂਲ ਲਈ ਉਸ ਵੇਲੇ ਮਾਣ ਵਾਲਾ ਪਲ ਬਣਿਆ ਜਦੋਂ ਕਲਾਸ ਨੌਂਵੀ ਦੇ ਹੋਣਹਾਰ ਵਿਦਿਆਰਥੀ ਹਰਦੀਪ ਸਿੰਘ ਨੇ ਜਨਰਲ ਨੋਲੇਜ ਕਵਿਜ਼ ਮੁਕਾਬਲੇ “ਬ੍ਰੇਨ ਆਫ ਬੈਟਲ” ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।
ਜਾਣਕਾਰੀ ਅਨੁਸਾਰ ਇਹ ਪ੍ਰਤਿਸ਼ਠਿਤ ਮੁਕਾਬਲਾ ਰਾਇਤ ਬਹਾਰਾ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸ਼੍ਰੀ ਵਰੁਣ ਬਾਂਸਲ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ, ਜਿਸ ਵਿੱਚ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਜਿਵੇਂ ਜੰਮੂ-ਕਸ਼ਮੀਰ, ਲੱਦਾਖ, ਰਾਜਸਥਾਨ (ਗੰਗਾਨਗਰ), ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ।
ਮੁਕਾਬਲੇ ਦੇ ਚਾਰ ਰਾਊਂਡਾਂ ਵਿੱਚ ਆਪਣੇ ਵਿਸ਼ੇਸ਼ ਗਿਆਨ ਦਾ ਪ੍ਰਦਰਸ਼ਨ ਕਰਦਿਆਂ ਹਰਦੀਪ ਸਿੰਘ ਨੇ ਪੰਜਵੇਂ ਰਾਊਂਡ ਗ੍ਰੈਂਡ ਫਿਨਾਲੇ ਵਿੱਚ ਆਪਣੀ ਜਗ੍ਹਾ ਬਣਾਈ। ਗ੍ਰੈਂਡ ਫਿਨਾਲੇ ਵਿੱਚ ਵੀ ਉਸਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸੀਜ਼ਨ-12 ਵਿੱਚ ਪਹਿਲਾ ਸਥਾਨ ਆਪਣੇ ਨਾਮ ਕੀਤਾ। ਇਸ ਉਪਲਬਧੀ ਲਈ ਉਸਨੂੰ ਸਰਟੀਫਿਕੇਟ, ₹5100 ਨਕਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਫਲਤਾ ਨਾਲ ਨਾ ਸਿਰਫ਼ ਹਰਦੀਪ ਸਿੰਘ ਦੇ ਪਰਿਵਾਰ, ਸਗੋਂ ਪੂਰੇ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ। ਸਕੂਲ ਦੇ ਵਾਈਸ ਚੇਅਰਮੈਨ ਸ਼੍ਰੀ ਅਮਿਤ ਸਰਾਫ਼ ਨੇ ਵਿਦਿਆਰਥੀ ਦੀ ਇਸ ਕਾਬਿਲ-ਏ-ਤਾਰੀਫ਼ ਪ੍ਰਾਪਤੀ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ “ਹਰਦੀਪ ਸਿੰਘ ਨੇ ਆਪਣੀ ਮੇਹਨਤ, ਲਗਨ ਅਤੇ ਆਤਮਵਿਸ਼ਵਾਸ ਨਾਲ ਇਹ ਸਫਲਤਾ ਹਾਸਲ ਕੀਤੀ ਹੈ। ਸਾਨੂੰ ਉਸ ‘ਤੇ ਮਾਣ ਹੈ ਅਤੇ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣੇਗੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਸਕੂਲ ਦਾ ਮਕਸਦ ਸਿਰਫ਼ ਅਕਾਦਮਿਕ ਉਤਕ੍ਰਿਸ਼ਟਤਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਇਸ ਮੌਕੇ ਹਰਦੀਪ ਸਿੰਘ ਦੇ ਮਾਤਾ-ਪਿਤਾ ਸ਼੍ਰੀਮਤੀ ਹਰਪ੍ਰੀਤ ਕੌਰ ਅਤੇ ਸ਼੍ਰੀ ਯਾਦਵਿੰਦਰ ਸਿੰਘ ਨੂੰ ਵੀ ਵਧਾਈ ਦਿੱਤੀ ਗਈ। ਹਰਦੀਪ ਦੀ ਇਹ ਉਪਲਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਉਨ੍ਹਾਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰੇਗੀ।

