ਰਾਮਪੁਰਾ ਫੂਲ ਦੇ ਨਾਮੀਂ ਸਕੂਲ ਸੇਂਟ ਜ਼ੇਵੀਅਰਜ ਵਿਖੇ ਤਿੰਨ ਦਿਨਾਂ ਸਪੋਰਟਸ ਮੀਟ (ਖੇਡ ਸਮਾਗਮ) ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਦੀ ਯੋਗ ਅਗਵਾਈ ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ, ਮੈਨੇਜਰ ਫਾਦਰ ਆਂਦਰੇ ਫਰਨਾਂਡਿਜ, ਕੋਆਰਡੀਨੇਟਰ ਮੈਡਮ ਪ੍ਰੇਮ ਲਤਾ ਅਤੇ ਮੈਡਮ ਅੰਜੂ ਬਾਲਾ ਨੇ ਕੀਤੀ। ਇਸ ਖੇਡ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਐਡਵੋਕੇਟ ਸ੍ਰੀ ਪਵਨ ਕੁਮਾਰ ਗਰਗ ਵੱਲੋਂ ਅਸਮਾਨ ਵਿੱਚ ਰੰਗ ਬਿਰੰਗੇ ਗੁਬਾਰੇ ਛੱਡ ਕੇ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਜਿਸ ਦੀ ਸਲਾਮੀ ਮੁੱਖ ਮਹਿਮਾਨ ਸ੍ਰੀ ਪਵਨ ਕੁਮਾਰ ਐਡਵੋਕੇਟ ਨੇ ਲਈ। ਇਸ ਖੇਡ ਮੀਟ ਦੇ ਪਹਿਲੇ ਦਿਨ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ 100 ਮੀਟਰ, 200 ਮੀਟਰ, ਰਿਲੇਅ ਰੇਸ, ਸਪੂਨ ਦੌੜ, ਮਟਕਾ ਦੌੜ ਅਤੇ ਰੱਸਾਕਸ਼ੀ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਖੇਡ ਭਾਵਨਾ ਨਾਲ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ। ਪਹਿਲੇ ਦਿਨ ਓਵਰ ਆਲ ਟਰਾਫ਼ੀ ਸਫਾ਼ਇਅਰ ਹਾਊਸ ਨੇ ਜਿੱਤੀ। ਮੁੱਖ ਮਹਿਮਾਨ ਸ੍ਰੀ ਐਡਵੋਕੇਟ ਪਵਨ ਕੁਮਾਰ ਗਰਗ ਨੇ ਜੇਤੂ ਵਿਦਿਆਰਥੀਆਂ ਨੂੰ ਤਮਗੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਖੇਡ ਸਮਾਗਮ ਦੇ ਦੂਜੇ ਦਿਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਜੂਨੀਅਰ ਵਿਦਿਆਰਥੀਆਂ ਲਈ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਸੁਸ਼ਾਤ ਗਰਗ ਤੇ ਡਾਕਟਰ ਭਾਨੂੰ ਪ੍ਰਿਆ ਨੇ ਆਪਣੀ ਹਾਜ਼ਰੀ ਲਵਾਈ। ਜੂਨੀਅਰ ਵਿਦਿਆਰਥੀਆਂ ਨੇ ਮੁੱਖ ਮਹਿਮਾਨਾਂ ਨੂੰ ਛੋਟੇ ਛੋਟੇ ਹਰੇ ਪੌਦੇ ਭੇਂਟ ਕਰਕੇ ਸਵਾਗਤ ਕੀਤਾ। ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਦੇ ਨਾਲ ਨਾਲ ਸੱਭਿਆਚਾਰਕ ਡਾਂਸ ਪੇਸ਼ ਕੀਤਾ ਗਿਆ। ਜੂਨੀਅਰ ਖਿਡਾਰੀਆਂ ਨੂੰ ਡਾਕਟਰ ਸੁਸ਼ਾਤ ਗਰਗ ਤੇ ਡਾਕਟਰ ਭਾਨੂੰ ਪ੍ਰਿਆ ਨੇ ਸਰਟੀਫਿਕੇਟਾਂ ਤੇ ਤਮਗਿਆਂ ਨਾਲ ਸਨਮਾਨਿਤ ਕੀਤਾ।
ਖੇਡ ਸਮਾਗਮ ਦੇ ਤੀਜੇ ਦਿਨ ਜਮਾਤ ਨਰਸਰੀ ਤੋਂ ਯੂ. ਕੇ. ਜੀ. ਨੇ ਨੰਨ੍ਹੇ ਮੁੰਨੇ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਦਵਿੰਦਰ ਕੁਮਾਰ ਪ੍ਰੈਜੀਡੈਂਟ ਫੂਲ ਟਾਊਨ ਕਲੱਬ ਉਪਸਥਿਤ ਰਹੇ। ਨੰਨ੍ਹੇ ਬੱਚਿਆਂ ਲਈ ਕੈਂਡੀ ਰੇਸ, ਸਕੂਬੀ-ਡੂਬੀ ਰੇਸ, ਵੂਬਲ ਐਂਡ ਬੇਲੈਂਸ ਰੇਸ, ਗਰੁੱਪ ਰੇਸ ਆਦਿ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਆਖਰੀ ਦਿਨ ਮੁੱਖ ਮਹਿਮਾਨ ਸ੍ਰੀ ਦਵਿੰਦਰ ਕੁਮਾਰ ਜੀ, ਪ੍ਰਿੰਸੀਪਲ ਫਾਦਰ ਜੈਰੀ ਪੌਲ ਲੋਬੋ ਤੇ ਮੈਨੇਜਰ ਫਾਦਰ ਆਂਦਰੇ ਫਰਨਾਂਡਿਜ ਨੇ ਵਿਦਿਆਰਥੀਆਂ ਨੂੰ ਤਮਗੇ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ। ਓਵਰ ਆਲ ਟਰਾਫ਼ੀ ਜਿੱਤਣ ਵਾਲੇ ਹਾਊਸ ਨੂੰ ਸ਼ਾਨਦਾਰ ਟਰਾਫ਼ੀ ਭੇਂਟ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਵੱਲੋਂ ਖੇਡ ਸਮਾਗਮ ਵਿੱਚ ਤਿੰਨੇ ਦਿਨ ਪਹੁੰਚਣ ਵਾਲੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਖੇਡ ਸਮਾਗਮ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣ ਲਈ ਪ੍ਰੇਰਿਤ ਕੀਤਾ। ਖੇਡ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ।
